best platform for news and views

ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਕਾਰਨਾਂ ਦੀ ੲਿਕੱਤਰ ਕੀਤੀ ਜਾਣਕਾਰੀ

Please Click here for Share This News

ਬਰਨਾਲਾ, 9 ਸਤੰਬਰ(ਰਾਕੇਸ਼ ਗੋਇਲ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਦੇ ਵੱਖ-ਵੱਖ ਜ਼ਿਲਿਆਂ ‘ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦੇ ਕਾਰਣਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਜ਼ਿਲਾ ਬਰਨਾਲਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਦਿਆਂ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪੀੜਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕਮੇਟੀ ਦੇ ਪੰਜ ਮੈਂਬਰੀ ਵਫ਼ਦ ਨੇ ਅੱਜ ਇਹ ਦੌਰਾ ਕੀਤਾ ਅਤੇ ਜਾਇਜ਼ਾ ਲਿਆ।
ਉਹਨਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸਦੇ ਢੁੱਕਵੇ ਹੱਲ ਕੱਢਣ ਲਈ ਹਰੇਕ ਪੀੜਤ ਪਰਿਵਾਰ ਦੇ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸ. ਸਰਕਾਰੀਆ ਨੇ ਪੀੜਤ ਪਰਿਵਾਰਾਂ ਦੀਆਂ ਵਿਧਵਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਪੈਨਸ਼ਨ ਲਗਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਟੀਮ ਵੱਲੋਂ ਚਾਰ ਜ਼ਿਲਿਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਕਮੇਟੀ ਵੱਲੋਂ ਇਸ ਜਾਂਚ-ਪੜਤਾਲ ‘ਤੇ ਆਧਾਰਿਤ ਰਿਪੋਰਟ ਤਿੰਨ ਮਹੀਨਿਆਂ ਅੰਦਰ ਵਿਧਾਨ ਸਭਾ ਨੂੰ ਸੌਂਪੀ ਜਾਵੇਗੀ। ਟੀਮ ਵਿੱਚ ਸ਼ਾਮਲ ਮੈਂਬਰਾਂ ਸ. ਕੁਲਜੀਤ ਸਿੰਘ ਨਾਗਰਾ, ਸ਼੍ਰੀ ਨੱਥੂ ਰਾਮ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸ. ਨਾਜਰ ਸਿੰਘ ਮਾਨਸ਼ਾਹੀਆ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਪਰਿਵਾਰਾਂ ਦੀ ਆਮਦਨ, ਕਰਜ਼ਿਆਂ ਸਬੰਧੀ ਸਥਿਤੀ, ਸਮੱਸਿਆਵਾਂ ਆਦਿ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਤਰ ਕੀਤੀ।
ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਜ਼ਿਲਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਧਨੌਲਾ, ਸੰਘੇੜਾ, ਵਜ਼ੀਦਕੇ ਕਲਾਂ, ਚੀਮਾ, ਸ਼ਹਿਣਾ ਅਤੇ ਦਰਕਾਪੱਤੀ ਦੇ ਕਰੀਬ 20 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਵੇਰਵੇ ਇਕੱਠੇ ਕੀਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਰਵਿੰਦ ਪਾਲ ਸਿੰਘ ਸੰਧੂ, ਐਸ.ਡੀ.ਐਮ. ਬਰਨਾਲਾ ਬਿਕਰਮਜੀਤ ਸਿੰਘ ਸ਼ੇਰਗਿੱਲ,  ਸਹਾਇਕ ਕਮਿਸ਼ਨਰ (ਜ) ਮਨਕੰਵਲ ਸਿੰਘ ਚਾਹਲ, ਐਸ.ਪੀ. ਸੁਰਿੰਦਰ ਪਾਲ ਸਿੰਘ, ਸਾਬਕਾ ਐਮ.ਐਲ.ਏ. ਹਰਚੰਦ ਕੌਰ ਘਨੋਰੀ, ਪੀ.ਏ.ਟੂ ਕੇਵਲ ਸਿੰਘ ਢਿਲੋਂ ਗੁਰਜੀਤ ਸਿੰਘ ਬਰਾੜ, ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ

Please Click here for Share This News

Leave a Reply

Your email address will not be published. Required fields are marked *