best platform for news and views

ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਲਈ ਸਹਿਕਾਰੀ ਸੁਸਾਇਟੀਆਂ ਵਿੱਚ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ: ਰੰਧਾਵਾ

Please Click here for Share This News

ਚੰਡੀਗੜ੍ਹ, 29 ਨਵੰਬਰ
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸਖਸ਼ੀਅਤ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉੰਦੀ ਪੁਸਤਕ ‘ਇਹ ਜੋ ਸ਼ਮਸ਼ੇਰ ਸੰਧੂ’ ਸ਼ੁੱਕਰਵਾਰ ਨੂੰ ਲੋਕ ਅਰਪਣ ਕੀਤੀ ਗਈ। ਰਿਲੀਜ਼ ਸਮਾਗਮ ਸਮਾਗਮ ਦੇ ਮੁੱਖ ਮਹਿਮਾਨ ਸ. ਰੰਧਾਵਾ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸੰਧੂ, ਪੁਸਤਕ ਦੇ ਸੰਪਾਦਕ ਕੰਵਲਜੀਤ, ਨਿੰਦਰ ਘੁਗਿਆਣਵੀ ਤੇ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਇਹ ਪੁਸਤਕ ਰਿਲੀਜ਼ ਕੀਤੀ ਗਈ।

ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅਦਬੀ ਪੰਜਾਬੀ ਸੱਥ ਰੋਜ਼ ਗਾਰਡਨ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਇਹ ਸਮਾਗਮ ਉਸ ਵੇਲੇ ਪ੍ਰਭਾਵਸ਼ਾਲੀ ਬਣ ਗਿਆ ਜਦੋਂ ਪੁਸਤਕ ਲੋਕ ਅਰਪਣ ਦੇ ਸਮਾਗਮ ਨੇ ਸਾਹਿਤਕ, ਪੱਤਰਕਾਰੀ, ਗਾਇਕੀ, ਗੀਤਕਾਰੀ ਤੇ ਫ਼ਿਲਮ ਜਗਤਾਂ ਬਾਰੇ ਰੱਖੇ ਗਏ ਅਨਮੋਲ ਵਿਚਾਰਾਂ ਅਤੇ ਡੂੰਘੀ ਚਰਚਾ ਸਕਦਾ ਸੈਮੀਨਾਰ ਦਾ ਰੂਪ ਧਾਰ ਲਿਆ।

ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦੀ ਤਰੱਕੀ ਲਈ ਸਾਹਿਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਸੀ ਜੀਵਨ ਵਿੱਚ ਵਿਚਰਦਿਆਂ ਸਾਹਿਤਕ ਮਹਿਫ਼ਲਾਂ ਵਿੱਚ ਪਹੁੰਚ ਕੇ ਉਨ੍ਹਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਰਾਜਨੀਤਿਕ ਲੋਕਾਂ ਨੂੰ ਕਿਤਾਬਾਂ ਪੜ੍ਹਨੀਆਂ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਦੇ ਹੱਥ ਵਿੱਚ ਪੁਸਤਕ ਹੋਣੀ ਚਾਹੀਦੀ ਹੈ। ਸਕੂਲੀ ਬੱਚਿਆਂ ਵਾਸਤੇ ਸਕੂਲੀ ਤੇ ਪੰਚਾਇਤ ਭਵਨ ਦੀਆਂ ਲਾਇਬ੍ਰੇਰੀਆਂ ਨੂੰ ਸ਼ਿੰਗਾਰਨ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਸਹਿਕਾਰਤਾ ਸਪਤਾਹ ਦੌਰਾਨ ਇਕ ਦਿਨ ਦਿਨ ਸਾਹਿਤਕਾਰੀ ਨੂੰ ਸਮਰਪਿਤ ਹੋਵੇਗਾ ਜਿਸ ਦਿਨ ਸਾਹਿਤਕ ਸੈਮੀਨਾਰ, ਗੋਸ਼ਟੀਆਂ, ਕਵੀ ਦਰਬਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 3000 ਸਹਿਕਾਰੀ ਸੁਸਾਇਟੀਆਂ ਵਿੱਚ ਪੁਸਤਕਾਂ ਪਹੁੰਚਾ ਕੇ ਉੱਥੇ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ।

ਉਨ੍ਹਾਂ ਸੰਧੂ ਦੇ ਗੀਤਾਂ ਬਾਰੇ ਨਿੱਜੀ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਇਕ ਦਿਨ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ‘ਪੇਕੇ ਹੁੰਦੇ ਮਾਂਵਾਂ ਨਾਲ’ ਸੁਣ ਕੇ ਉਨ੍ਹਾਂ ਦੀਆਂ ਭੈਣਾਂ ਰੋਣ ਲੱਗ ਗਈਆਂ। ਉਸ ਦਿਨ ਤੋਂ ਬਾਅਦ ਉਨ੍ਹਾਂ ਆਪਣੀਆਂ ਭੈਣਾਂ ਦੇ ਭਰਾ ਨਹੀਂ ਸਗੋਂ ਮਾਂ ਬਣ ਕੇ ਰਿਸ਼ਤਾ ਨਿਭਾਇਆ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ ਨੇ ਬੋਲਦਿਆਂ ਸ਼ਮਸ਼ੇਰ ਸੰਧੂ ਦੇ ਜੀਵਨ ਉਤੇ ਨਿਵੇਕਲੀਆਂ ਗੱਲਾਂ ਕਰਦਿਆਂ ਉਸ ਨੂੰ ਗੀਤਕਾਰੀ ਦਾ ਦਾਰਾ ਦੱਸਿਆ। ਉਨ੍ਹਾਂ ਕਿਹਾ ਸੰਧੂ ਭਾਵੇਂ ਮਕਬੂਲ ਗੀਤਕਾਰ ਹੈ ਪ੍ਰੰਤੂ ਉਸ ਵੱਲੋਂ ਮੁੱਢਲੇ ਦੌਰ ਵਿੱਚ ਲਿਖੀਆਂ ਕਹਾਣੀਆਂ ਕਾਰਨ ਉਹ ਸਮਰੱਥ ਕਹਾਣੀਕਾਰਾਂ ਵਿੱਚ ਮੋਹਰੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਆਪਣੀ ਉਦਾਹਰਨ ਦਿੰਦਿਆ ਦੱਸਿਆ ਕਿ ਪੰਜਾਬੀ ਵਿੱਚ ਲਿਖਣ ਵਾਲੇ ਲੇਖਕਾਂ ਦੀ ਵੁੱਕਤ ਵੀ ਹੋਰਨਾਂ ਭਾਸ਼ਾਵਾਂ ਦੇ ਲੇਖਕਾਂ ਤੋਂ ਘੱਟ ਨਹੀਂ ਸਗੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਕੁੱਲ ਦੁਨੀਆਂ ਵਿੱਚ ਬੈਠੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਨਵੀਂ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨ ਦੀ ਲੋੜ ਹੈ।ਉਨ੍ਹਾਂ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਉਤੇ ਜ਼ੋਰ ਦਿੱਤਾ।

ਸ਼ਮਸ਼ੇਰ ਸੰਧੂ ਨੇ ਨਾਮੀ ਸ਼ਾਇਰਾਂ ਦੇ ਸ਼ੇਅਰ ਸੁਣਾਉਂਦਿਆਂ ਸਮਾਗਮ ਨੂੰ ਕਵੀ ਦਰਬਾਰ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਸੁਣਾਈਆਂ ਕਵਿਤਾਵਾਂ ਤੋਂ ਲੈ ਕੇ ਮਕਬੂਲ ਗੀਤਾਂ ਦੇ ਮੁਖੜੇ ਵੀ ਸੁਣਾਏ।

ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀ ਇਹ ਪੁਸਤਕ ਸ਼ਮਸ਼ੇਰ ਸੰਧੂ ਨੂੰ ਜਾਣਨ ਵਾਲੇ ਹਰ ਛੋਟੀ-ਵੱਡੀ ਉਮਰ ਦੇ ਸਾਹਿਤਕ, ਸੱਭਿਆਚਾਰਕ, ਪੱਤਰਕਾਰੀ, ਫ਼ਿਲਮੀ, ਸੰਗੀਤ ਦੀ ਦੁਨੀਆਂ ਨਾਲ ਜੁੜੇ ਸੱਜਣਾਂ ਵੱਲੋਂ ਲਿਖੇ ਲੇਖਾਂ ਦਾ ਸ੍ਰੰਗਹਿ ਹੈ। ਇਸ ਪੁਸਤਕ ਰਾਹੀਂ ਸ਼ਮਸ਼ੇਰ ਸੰਧੂ ਦੇ ਬਚਪਨ ਤੋਂ ਲੈ ਕੇ ਹਰ ਪੱਖ ਬਾਰੇ ਜਾਣਕਾਰੀ ਮਿਲੇਗੀ ਜਿਸ ਵਿੱਚ ਵਿਦਿਆਰਥੀ ਜੀਵਨ ਵਿੱਚ ਸਾਹਿਤਕ ਰੁੱਚੀਆਂ ਵੱਲ ਝੁਕਾਅ, ਜਵਾਨੀ ਵੇਲੇ ਇਨਕਲਾਬੀ ਸ਼ਾਇਰ ਪਾਸ਼, ਸੁਰਜੀਤ ਪਾਤਰ, ਪ੍ਰਸਿੱਧ ਗੀਤਕਾਰ ਤੇ ਗਾਇਕ ਦੀਦਾਰ ਸੰਧੂ, ਜਗਦੇਵ ਸਿੰਘ ਜੱਸੋਵਾਲ, ਪ੍ਰਿੰਸੀਪਲ ਸਰਵਣ ਸਿੰਘ, ਗੁਰਭਜਨ ਗਿੱਲ ਨਾਲ ਦੋਸਤੀ ਦੀਆਂ ਯਾਦਾਂ, ਚੜ੍ਹਦੀ ਉਮਰੇ ਲਿਖੀਆਂ ਚਰਚਿਤ ਕਹਾਣੀਆਂ, ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰੋਫੈਸਰੀ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਵੱਲ ਜਾਣਾ, ਕਬੱਡੀ ਤੇ ਕੁਸ਼ਤੀ ਖਿਡਾਰੀਆਂ ਬਾਰੇ ਲਿਖੇ ਲੇਖ
ਅਤੇ ਫੇਰ ਸੁਰਜੀਤ ਬਿੰਦਰਖੀਆ ਨਾਲ ਜੋੜੀ ਬਣਾ ਕੇ ਸੰਗੀਤ ਦੀ ਦੁਨੀਆ ਤੱਕ ਛਾ ਜਾਣ ਤੱਕ ਦੇ ਕਿੱਸੇ ਇਸ ਕਿਤਾਬ ਨੂੰ ਪੜ੍ਹਨਯੋਗ ਬਣਾਉਂਦੇ ਹਨ।

ਇਸ ਤੋਂ ਪਹਿਲਾ ਅਦਬੀ ਸੱਥ ਰੋਜ਼ ਗਾਰਡਨ ਦੇ ਸਰਪ੍ਰਸਤ ਦਿਲਸ਼ੇਰ ਸਿੰਘ ਚੰਦੇਲ ਨੇ ਜੀ ਆਇਆ ਆਖਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੱਥ ਬਣਨ ਤੋਂ ਬਾਅਦ ਇਹ ਪਲੇਠਾ ਸਮਾਗਮ ਹੈ ਜਿਸ ਵਿੱਚ ਇਹ ਅਹਿਮ ਪੁਸਤਕ ਲੋਕ ਅਰਪਣ ਕੀਤੀ ਗਈ। ਨਵਦੀਪ ਸਿੰਘ ਗਿੱਲ ਨੇ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉਂਦਿਆਂ ਉਨ੍ਹਾਂ ਨੂੰ ਸਰਕਾਂਗੀ ਸ਼ਖ਼ਸੀਅਤ ਦੱਸਿਆ।ਮਲਕੀਤ ਸਿੰਘ ਔਜਲਾ ਨੇ ਬੋਲਦਿਆਂ ਸ਼ਮਸ਼ੇਰ ਸੰਧੂ ਤੇ ਸੁਰਜੀਤ ਬਿੰਦਰਖੀਆ ਵਿਚਾਲੇ ਸਾਂਝਾਂ ਬਾਰੇ ਕਾਿਵ-ਮਈ ਢੰਗ ਨਾਲ ਜਾਣਕਾਰੀ ਦਿੱਤੀ।

ਇਸ ਪੁਸਤਕ  ਵਿੱਚ ਗੁਲਜ਼ਾਰ ਸੰਧੂ, ਸ.ਪ.ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਗੁਰਦਿਆਲ ਸਿੰਘ ਬੱਲ, ਹੰਸ ਰਾਜ ਹੰਸ, ਪੰਮੀ ਬਾਈ, ਵਿਜੇ ਟੰਡਨ, ਨਿੰਦਰ ਘੁਗਿਆਣਵੀ, ਸਨਾਉੱਲਾ ਘੁੰਮਣ, ਦੇਵ ਥਰੀਕਿਆਂ ਵਾਲਾ, ਗੱਜਣਵਾਲਾ ਸੁਖਮਿੰਦਰ, ਜਸਬੀਰ ਗੁਣਾਚੌਰੀਆ, ਅਮਰਜੀਤ ਗੁਰਦਾਸਪੁਰੀ, ਜਗਤਾਰ ਸਿੰਘ ਸਿੱਧੂ, ਹਰਬੰਸ ਹੀਉਂ, ਹਰਿੰਦਰ ਕਾਕਾ, ਅਤੈ ਸਿੰਘ, ਜੋਗਾ ਸਿੰਘ ਦੁਸਾਂਝ, ਕਰਮਜੀਤ ਸਿੰਘ, ਰਣਜੀਤ ਰਾਹੀ, ਨਵਦੀਪ ਸਿੰਘ ਗਿੱਲ ਵੱਲੋਂ ਸ਼ਮਸ਼ੇਰ ਸੰਧੂ ਬਾਰੇ ਲਿਖੇ ਲੇਖ ਸ਼ਾਮਲ ਹਨ।ਪੁਸਤਕ ਵਿੱਚ ਸ਼ਮਸ਼ੇਰ ਸੰਧੂ ਦੇ ਬਚਪਨ ਤੋਂ ਹੁਣ ਤੱਕ ਦੇ ਜੀਵਨ ਉਤੇ ਝਾਤ ਪਾਉਂਦੀਆਂ ਰੰਗਦਾਰ ਤੇ ਬਲੈਕ ਐਂਡ ਵਾਈਟ ਤਸਵੀਰਾਂ ਵੀ ਪੁਸਤਕ ਦੀ ਸ਼ਾਨ ਹਨ।

ਇਸ ਸਮਾਗਮ ਵਿੱਚ ਸੀਨੀਅਰ ਪੱਤਰਕਾਰ ਸੁਰਿੰਦਰ ਤੇਜ, ਡਾ ਸੁਖਦੇਵ ਸਿਰਸਾ, ਡਾ ਸਰਬਜੀਤ, ਹਰਜੀਤ ਸਿੰਘ ਨਾਗਰਾ, ਸਤੀਸ਼ ਘੁਲਾਟੀ, ਸੁਖਮਿੰਦਰ ਗੱਜਣਵਾਲਾ, ਮਾਸਟਰ ਜੋਗਾ ਸਿੰਘ, ਗੀਤਕਾਰ ਜਗਦੇਵ ਮਾਨ ਆਦਿ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *