ਚੰਡੀਗੜ•/27 ਸਤੰਬਰ/ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਲਈ ਹੁਣ
ਲਾਜ਼ਮੀ ਹੋ ਚੁੱਕਿਆ ਹੈ ਕਿ ਉਹ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਤੋਂ ਜੁਆਬਦੇਹੀ ਕਰੇ, ਕਿਉਂਕਿ ਸਿੱਧੂ ਨੇ ਨਸ਼ਿਆਂ ਦੇ ਖਾਤਮੇ ਲਈ ਸ਼ਰੇਆਮ ਗ੍ਰਹਿ ਵਿਭਾਗ ਮੰਗ ਲਿਆ ਹੈ, ਜਿਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਇਸ ਮੁੱਦੇ ਨੂੰ ਨਜਿੱਠਣ ਲਈ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਬਲੀਅਤ ਉੱਤੇ ਭਰੋਸਾ ਨਹੀਂ ਹੈ।
ਇੱਥੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਮੀਡੀਆ ‘ਚ ਆਏ ਬਿਆਨ ਅੰਦਰ ਨਵਜੋਤ ਸਿੱਧੂ ਨੇ ਨਾ ਸਿਰਫ ਕਾਂਗਰਸ ਸਰਕਾਰ ਦੇ ਨਸ਼ਿਆਂ ਉੱਤੇ ਕਾਬੂ ਪਾਉਣ ਦੇ ਕੀਤੇ ਦਾਅਵਿਆਂ ਨੂੰ ਝੁਠਲਾਇਆ ਹੈ, ਸਗੋਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸੰਬੰਧ ਵਿਚ ਸਰਕਾਰ ਵੱਲੋਂ ਕੁੱਝ ਵੀ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਸ ਨੇ ਮੁੱਖ ਮੰਤਰੀ ਦੀ ਕਾਬਲੀਅਤ ਉੱਤੇ ਵੀ ਸੁਆਲ ਉਠਾਇਆ ਹੈ। ਉਸ ਨੇ ਇਹ ਦੱਸਣ ਲਈ ਗ੍ਰਹਿ ਵਿਭਾਗ ਮੰਗਿਆ ਹੈ ਕਿ ਉਹ ਮੁੱਖ ਮੰਤਰੀ ਤੋਂ ਵਧੀਆ ਕੰਮ ਕਰ ਸਕਦਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਿੱਧੂ ਦੇ ਬਿਆਨ ਨੂੰ ਵੇਖਦਿਆਂ ਸਪੱਸ਼ਟ ਹੁੰਦਾ ਹੈ ਕਿ ਉਸ ਨੇ ਮੁੱਖ ਮੰਤਰੀ ਦੇ ਖ਼ਿਲਾਫ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਦੀ ਵਾਰੀ ਹੈ ਕਿ ਉਹ ਸਥਿਤੀ ਨੁੰ ਸਪੱਸ਼ਟ ਕਰਨ ਅਤੇ ਸੂਬੇ ਅੰਦਰ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਕੁੱਝ ਵੀ ਨਾ ਕੀਤੇ ਜਾਣ ਬਾਰੇ ਸਿੱਧੂ ਵੱਲੋਂ ਲਾਏ ਦੋਸ਼ਾਂ ਦਾ ਜੁਆਬ ਦੇਣ। ਮੁੱਖ ਮੰਤਰੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਸ ਤਰ•ਾਂ ਸਿੱਧੂ ਨੇ ਉਹਨਾਂ ਦੀ ਕਾਰਗੁਜ਼ਾਰੀ ਦਾ ਜਨਤਕ ਤੌਰ ਤੇ ਮੁਥਲੰਕਣ ਕੀਤਾ ਹੈ, ਕੀ ਉਹ ਉਸ ਨਾਲ ਸਹਿਮਤ ਹਨ?