
ਮੌੜ ਮੰਡੀ : ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਰਗਸ ਦੀ ਇਕ ਚੋਣ ਰੈਲੀ ਨੇੜੇ ਅਚਾਨਕ ਹੋੲੇ ਧਮਾਕੇ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੀ ਵੱਧ ਵਿਅਕਤੀ ਜਖਮੀ ਹੋ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਮਾਨਸਾ ਵਿਚ ਪੈਂਦੇ ਕਸਬਾ ਮੌੜ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਚੱਲ ਰਹੀ ਸੀ। ਰੈਲੀ ਨੇੜੇ ਸੜਕ ਤੇ ਜਾ ਰਹੀ ਇਕ ਕਾਰ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਨਾਲ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਸ ਮਾਰੂਤੀ ਕਾਰ ਵਿਚ ਰਸੋਈ ਗੈਸ ਵਾਲਾ ਸਿਲੰਡਰ ਲੱਗਿਆ ਹੋਇਆ ਸੀ। ਅਚਾਨਕ ਸਿਲੰਡਰ ਫਟਣ ਨਾਲ ਧਮਾਕਾ ਹੋਇਆ, ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤੇ ਹੋ ਗਈ ਅਤੇ ਨੇੜੇ ਖੜ੍ਹੇ 15 ਤੋਂ ਵੀ ਵੱਧ ਵਿਅਕਤੀ ਜਖਮੀ ਹੋ ਗਏ। ਜਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮੌਕੇ ‘ਤੇ ਪੁਲੀਸ ਅਤੇ ਸਿਵਲ ਅਧਿਕਾਰੀ ਪਹੁੰਚ ਗਏ ਹਨ ਅਤੇ ਸਾਰੇ ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਮਰਨ ਵਾਲੇ ਵਿਅਕਤੀ ਮੌੜ ਮੰਡੀ ਦੇ ਨੇੜੇ ਦੇ ਪਿੰਡਾਂ ਦੇ ਹੀ ਸਨ, ਪਰ ਅਜੇ ਤੱਕ ਉਨ੍ਹਾਂ ਦੀ ਪੂਰੀ ਪਛਾਣ ਨਹੀਂ ਹੋ ਸਕੀ।
ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਰਗਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਜਾਰੀ ਬਿਆਨ ਵਿਚ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਧਮਾਕੇ ਨੂੰ ਕਾਂਗਰਸ ਪਾਰਟੀ ਖਿਲਾਫ ਡੂੰਘੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਦੀ ਜਿੱਤ ਨੁੰ ਵੇਖ ਕੇ ਵਿਰੋਧੀ ਪਾਰਟੀਆਂ ਰਾਜ ਵਿਚ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹੁਣ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਲੱਗ ਪਈਆਂ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਹੋਰ ਸੁਰੱਖਿਆ ਮੁਹਈਆ ਕਰਵਾਈ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਆਪਣੀ ਹਾਰ ਨੂੰ ਦੇਖਦਿਆਂ ਪੰਜਾਬ ਵਿਚ ਹਿੰਸਾ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਭਾ ਜੇਲ੍ਹ ਵਿਚੋਂ ਗੈਂਗਸਟਰਾਂ ਨੂੰ ਭਜਾਉਣਾ ਵੀ ਇਕ ਸਾਜਿਸ਼ ਸੀ ਅਤੇ ਇਹੋ ਗੈਂਗਸਟਰ ਹੁਣ ਪੰਜਾਬ ਵਿਚ ਵਾਰਦਾਤਾਂ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਬਾਦਲ ਦੀਆਂ ਸਾਜਿਸ਼ਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।