ਚੰਡੀਗੜ੍ਹ : ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਕਰਨ ਤੋਂ ਬਾਅਦ ਇਕ ਦਰਜਨ ਤੋਂ ਵੀ ਵੱਧ ਹਲਕਿਆਂ ਵਿਚ ਟਿਕਟਾਂ ਦੇ ਚਾਹਵਾਨਾਂ ਵਲੋਂ ਬਗਾਵਤ ਸੁਰੂ ਕਰ ਦਿੱਤੀ ਗਈ ਹੈ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਬਗਾਵਤ ਰੋਕਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਪਾਰਟੀ ਵਲੋਂ ਹੁਣ ਤੱਕ 77 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ 40 ਹਲਕਿਆਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। ਇਨ੍ਹਾਂ ਬਕਾਇਆ 40 ਹਲਕਿਆਂ ਵਿਚੋਂ ਦੋ ਦਰਜਨ ਸੀਟਾਂ ਅਜਿਹੀਆਂ ਹਨ, ਜਿਨਾਂ ਵਿਚ ਇਕ ਆਗੂ ਨੂੰ ਟਿਕਟ ਦਿੱਤੇ ਜਾਣ ਤੇ ਦੂਜੇ ਵਲੋਂ ਆਜਾਦ ਚੋਣ ਲੜਨਾ ਲਗਭਗ ਯਕੀਨੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਵੀ ਕਾਂਗਰਸ ਦੇ ਲਗਭਗ ਦੋ ਦਰਜਨ ਆਗੂ ਪਾਰਟੀ ਉਮੀਦਵਾਰਾਂ ਦੇ ਖਿਲਾਫ ਆਜਾਦ ਖੜ੍ਹੇ ਹੋ ਗਏ ਸਨ, ਜਿਸ ਕਾਰਨ ਕਾਂਗਰਸ ਦੇ ਉਮੀਦਵਾਰ ਹਾਰ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਨਣ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਕਾਂਰਗਸ ਪਾਰਟੀ ਦੇ ਸੂਤਰਾਂ ਅਨੁਸਾਰ ਇਸ ਵਾਰ ਹੁਣੇ ਤੋਂ ਹੀ ਅਜਿਹੇ ਆਗੂਆਂ ਦੀ ਸੂਚੀ ਬਣਾ ਲਈ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ, ਚੋਣ ਮੁਹਿੰਮ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਵੱਖ ਵੱਖ ਤੌਰ ਤੇ ਇਨ੍ਹਾਂ ਆਗੂਆਂ ਨੂੰ ਸਮਝਾਉਣ ਦੀ ਕੋਸਿਸ ਕਰ ਰਹੇ ਹਨ, ਪਰ ਇਹ ਕੋਸਿਸਾਂ ਕਿੰਨੀਆਂ ਕੁ ਕਾਮਯਾਬ ਹੁੰਦੀਆਂ ਹਨ, ਇਹ ਤਾਂ ਬਾਕੀ ਰਹਿੰਦੇ 40 ਹਲਕਿਆਂ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਹੀ ਪਤਾ ਲੱਗੇਗਾ। ਕਾਂਗਰਸ ਪਾਰਟੀ ਵਲੋਂ ਅਜੇ ਤੱਕ ਸੁਜਾਨਪੁਰ, ਬੋਹਾ, ਪਠਾਨਕੋਟ, ਅਜਨਾਲਾ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਦੱਖਣੀ, ਬਾਬਾ ਬਕਾਲਾ, ਫਗਵਾੜਾ, ਫਿਲੌਰ, ਨਕੋਦਰ, ਸਾਹਕੋਟ, ਜਲੰਧਰ ਪੱਛਮੀ, ਜਲੰਧਰ ਉੱਤਰੀ, ਜਲੰਧਰ ਛਾਉਣੀ, ਆਦਮਪੁਰ, ਦਸੂਹਾ, ਸਾਮਚੌਰਾਸੀ, ਗੜਸੰਕਰ, ਰੋਪੜ, ਡੇਰਾਬੱਸੀ, ਸਾਹਨੇਵਾਲ, ਲੁਧਿਆਣਾ ਪੱਛਮੀ, ਲੁਧਿਆਣਾ ਦੱਖਣੀ, ਲੁਧਿਆਣਾ ਉੱਤਰੀ, ਦਾਖਾ, ਜਗਰਾਉਂ, ਨਿਹਾਲ ਸਿੰਘ ਵਾਲਾ, ਮੋਗਾ, ਜਲਾਲਾਬਾਦ, ਫਾਜਿਲਕਾ, ਬੱਲੂਆਣਾ, ਲੰਬੀ, ਕੋਟਕਪੂਰਾ, ਭੁੱਚੋ ਮੰਡੀ, ਮੌੜ, ਸਮਾਣਾ, ਸਨੌਰ ਅਤੇ ਮਾਨਸਾ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।