best platform for news and views

ਕਾਂਗਰਸੀ ਆਗੂਆਂ ਦੀ ਵੱਖੋ-ਵੱਖਰੀ ‘ਡਫ਼ਲੀ’ ਕਾਰਨ ਪਾਰਟੀ ਹਾਈ ਕਮਾਂਡ ‘ਸਸ਼ੋਪੰਜ’ ‘ਚ

Please Click here for Share This News

ਸੁਰਿੰਦਰ ਮਾਨ
ਮੋਗਾ : ਮਾਲਵੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਮੋਗਾ ਵਿੱਚ ਜਿੱਥੇ ਹਾਕਮ ਧਿਰ ਨਾਲ ਸਬੰਧਤ ਵਿਧਾਇਕ ਜੋਗਿੰਦਰਪਾਲ ਜੈਨ ਤੇ ਆਮ ਆਦਮੀ ਪਾਰਟੀ ਦੇ ਕਈ ਸੰਭਾਵੀ ਉਮੀਦਵਾਰਾਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪੋ-ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਸੂਬੇ ਦੀ ਪ੍ਰਮੁੱਖ ਸਿਆਸੀ ਧਿਰ ਕਾਂਗਰਸ ਪਾਰਟੀ ਦੀ ਆਲ੍ਹਾ ਲੀਡਰਸ਼ਿਪ ਵੱਲੋਂ ਹਾਲੇ ਤੱਕ ਕਿਸੇ ਸਥਾਨਕ ਨੇਤਾ ਨੂੰ ‘ਥਾਪੀ’ ਨਾ ਦਿੱਤੇ ਜਾਣ ਕਾਰਨ ਕਾਂਗਰਸੀ ਵਰਕਰ ‘ਭੰਬਲਭੂਸੇ’ ‘ਚ ਪਏ ਹੋਏ ਹਨ। ਕਈ ਕਾਂਗਰਸੀ ਨੇਤਾਵਾਂ ਵੱਲੋਂ ਆਪੋ-ਆਪਣੀ ‘ਡਫ਼ਲੀ’ ਨਾਲ ਵੱਖੋ-ਵੱਖਰੇ ‘ਰਾਗ ਅਲਾਪਣ’ ਕਾਰਨ ਕਿਸੇ ਬਾਹਰੀ ਆਗੂ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਵੀ ਚਰਚਾ ਹੈ।

ਪਾਰਟੀ ਸੂਤਰਾਂ ਮੁਤਾਬਿਕ ਕਾਂਗਰਸ ਵੱਲੋਂ ਫ਼ਿਲਮ ਕਲਾਕਾਰ ਸੋਨੂੰ ਸੂਦ ਨੂੰ ਵੀ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। ਜਿੱਥੋਂ ਤੱਕ ਸਥਾਨਕ ਆਗੂਆਂ ਵੱਲੋਂ ਆਪਣੀ ਉਮੀਦਵਾਰੀ ਪੱਕੀ ਕਰਨ ਲਈ ‘ਮਸ਼ਕਾਂ’ ਕੀਤੀਆਂ ਜਾ ਰਹੀਆਂ ਹਨ ਉਨਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਪੰਜਾਬ ਪ੍ਰਦੇਸ਼ ਕਾਂਗਰਸ ਮੀਡੀਆ ਸੈਲ ਦੇ ਚੇਅਰਮੈਨ ਡਾ. ਹਰਜੋਤ ਕਮਲ, ਸਾਬਕਾ ਸਿਹਤ ਰਾਜ ਮੰਤਰੀ ਡਾ. ਮਾਲਤੀ ਥਾਪਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ ਅਤੇ ਕੌਂਸਲਰ ਮਨਜੀਤ ਸਿੰਘ ਮਾਨ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਾਂਗਰਸੀ ਆਗੂਆਂ ‘ਚ ਪੈਦਾ ਹੋਈ ‘ਧੜੇਬੰਦੀ’ ਕਾਰਨ ਕਾਂਗਰਸ ਪਾਰਟੀ ਨੂੰ ਇਸ ਖਿੱਤੇ ਵਿੱਚ ਕਾਫ਼ੀ ਸਿਆਸੀ ਨੁਕਸਾਨ ਝੱਲਣਾ ਪਿਆ ਸੀ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ‘ਤਾੜਣਾ’ ਮਗਰੋਂ ਪਾਰਟੀ ਦੇ ਅੰਦਰੂਨੀ ਹਲਾਤ ਕੁੱਝ ਠੀਕ ਹੋਏ ਸਨ। ਕਾਂਗਰਸੀ ਆਗੂਆਂ ਦੀ ਆਪਸੀ ਧੜੇਬੰਦੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਜ਼ਿਲਾ ਕਾਂਗਰਸ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਵਿਚਕਾਰ ਇੱਕ ਜਨਤਕ ਇਕੱਠ ਦੌਰਾਨ ਕਾਫ਼ੀ ‘ਬੋਲ-ਕਬੋਲ’ ਹੋ ਗਿਆ ਸੀ ਤੇ ਮਾਮਲਾ ਪੁਲਿਸ ਥਾਣੇ ਜਾ ਪੁੱਜਾ ਸੀ। ਇਸ ਮਾਮਲੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਦਖ਼ਲਅੰਦਾਜ਼ੀ ਕਰਨੀ ਪਈ ਸੀ ਜਿਸ ਮਗਰੋਂ ਦਰਜ ਹੋਇਆ ਮਾਮਲਾ ਆਪਸੀ ਸਹਿਮਤੀ ਨਾਲ ਖਾਰਜ ਹੋਇਆ ਸੀ।

ਪਾਰਟੀ ਦੇ ਆਲ੍ਹਾ ਮਿਆਰੀ ਸੂਤਰਾਂ ਮੁਤਾਬਿਕ ਇਸ ਸਥਿਤੀ ਵਿੱਚ ਪਾਰਟੀ ਹਾਈ ਕਮਾਂਡ ਕਿਸੇ ਤਰ੍ਹਾਂ ਦਾ ‘ਰਿਸਕ’ ਲੈਣ ਦੀ ਰੌਂਅ ਵਿੱਚ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਕਿਸੇ ਬਾਹਰੀ ਉਮੀਦਵਾਰ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਹਲਕੇ ਤੋਂ ਚੋਣ ਲੜਣ ਦੀ ਦੌੜ ਵਿੱਚ ਸ਼ਾਮਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਾਮਵਰ ਵਪਾਰੀ ਹਨ ਤੇ ਹਿੰਦੂ ਚਿਹਰਾ ਹੋਣ ਕਾਰਨ ਉਹ ਸ਼ਹਿਰ ਦੀ ਹਿੰਦੂ ਵੋਟ ‘ਤੇ ਅਸਰ-ਰਸੂਖ ਰਖਦੇ ਹਨ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੋਗਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜੋਗਿੰਦਰਪਾਲ ਜੈਨ ਸ਼ਹਿਰੀ ਖੇਤਰ ‘ਚ ਆਪਣੇ ਪੈਰ ਪੱਕੇ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤੇ ਇਸੇ ਸੰਦਰਭ ਵਿੱਚ ਕਾਂਗਰਸ ਪਾਰਟੀ ਕਿਸੇ ਹਿੰਦੂ ਚਿਹਰੇ ਨੂੰ ਵੀ ਸਾਹਮਣੇ ਲਿਆਉਣ ਦੀ ਤਾਕ ਵਿੱਚ ਹੈ। ਦੂਜੇ ਪਾਸੇ ਰਵਿੰਦਰ ਸਿੰਘ ਰਵੀ ਗਰੇਵਾਲ ਟਰਾਂਸਪੋਰਟਰ ਵਜੋਂ ਇਲਾਕੇ ਵਿੱਚ ਜਾਣੇ ਜਾਂਦੇ ਹਨ ਜਦੋਂ ਕਿ ਡਾ. ਹਰਜੋਤ ਕਮਲ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰਹੇ ਹਨ।

ਆਪੋ-ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕਰਨ ਲਈ ਸੰਭਾਵੀ ਉਮੀਦਵਾਰ ਆਪਣੇ ਸਿਆਸੀ ‘ਪ੍ਰਭੂਆਂ’ ਦੀ ਦਿੱਲੀ, ਚੰੜੀਗੜ੍ਹ ਤੇ ਪਟਿਆਲਾ ਜਾ ਕੇ ਲਗਾਤਰ ‘ਹਾਜ਼ਰੀ’ ਭਰ ਰਹੇ ਹਨ ਪਰ ਟਿਕਟ ਦਾ ਗੁਣੀਆਂ ਕਿਸ ਦੀ ਕਿਸਮਤ ‘ਚ ਪੈਂਦਾ ਹੈ ਇਸ ਦਾ ਫੈਸਲਾ ਪਾਰਟੀ ਹਾਈਕਮਾਂਡ ਜਲਦੀ ਕਰਨ ਦੀ ਰੌਂਅ ‘ਚ ਦੱਸੀ ਜਾਂਦੀ ਹੈ।

Please Click here for Share This News

Leave a Reply

Your email address will not be published.