ਹੁਸ਼ਿਆਰਪੁਰ : ਅੱਜ ਇੱਥੇ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਭਵਨ, ਹੁਸ਼ਿਆਰਪੁਰ ਵਿਖੇ ਤਿੰਨ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ) ਅਤੇ ਆਰ.ਐਮ.ਪੀ.ਆਈ. ਦੀ ਸਾਂਝੀ ਮੀਟਿੰਗ ਸਾਥੀ ਗੁਰਮੇਸ਼ ਸਿੰਘ ਸੂਬਾ ਸਕਤਰੇਤ ਮੈਂਬਰ ਸੀ.ਪੀ.ਆਈ.(ਐਮ) ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਅਸੈਂਬਲੀ ਚੌਣਾਂ ਲਈ ਸੀ.ਪੀ.ਆਈ., ਵੱਲੋਂ ਦਸੂਹਾ, ਸੀ.ਪੀ.ਆਈ.(ਐਮ), ਵੱਲੋਂ ਗੜ੍ਹਸ਼ੰਕਰ ਅਤੇ ਆਰ.ਐਮ.ਪੀ.ਆਈ ਵਲੋਂ ਮੁਕੇਰੀਆਂ ਹਲਕੇ ਵਿੱਚ ਜੋ ਉਮੀਦਵਾਰ ਚੋਣ ਲੜ ਰਹੇ ਹਨ, ਉਨ੍ਹਾਂ ਦੀ ਚੋਣ ਮੁਹਿੰਮ, ਰੈਲੀਆਂ ਅਤੇ ਮਾਰਚ ਖੱਬੀਆਂ ਪਾਰਟੀਆਂ ਵੱਲੋਂ ਮਿਲ ਕੇ ਸ਼ੁਰੂ ਕੀਤੇ ਜਾਣਗੇ। ਖੱਬੀਆਂ ਪਾਰਟੀਆਂ ਇਨ੍ਹਾਂ ਚੋਣਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਅਹਿਮ ਮੁੱਦੇ ਬੇ-ਰੁਜ਼ਗਾਰੀ ਦੇ ਖਾਤਮੇ, ਖੇਤੀ ਸੰਕਟ ਦਾ ਸਥਾਈ ਹਲ, ਖੇਤ-ਮਜ਼ਦੂਰਾਂ ਲਈ ਜਨਤਕ ਵੰਡ ਪ੍ਰਣਾਲੀ, ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ, ਇਸਤਰੀਆਂ ਤੇ ਘੱਟ-ਗਿਣਤੀਆਂ ਦੀ ਸੁਰੱਖਿਆ, ਨਸ਼ੇ, ਗੁੰਡਾਗਰਦੀ ਤੇ ਸਾਫ ਸੁਥਰਾ ਰਾਜ ਪ੍ਰਬੰਧ ਅਤੇ ਜਮਹੂਰੀ ਅਦਾਰਿਆਂ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਯਤਨਸ਼ੀਲ ਹੁੰਦੀਆਂ ਹੋਈਆਂ ਰਾਜ ਅੰਦਰ ਲੋਕਾਂ ਲਈ ਲੋਕ ਪੱਖੀ ਬਦਲ ਪੇਸ਼ ਕਰਨਗੀਆਂ।
ਮੀਟਿੰਗ ਵਿੱਚ ਸਰਵ ਸਾਥੀ ਅਮਰਜੀਤ ਸਿੰਘ, ਪੂਰਨ ਸਿੰਘ ਤੇ ਧਿਆਨ ਸਿੰਘ, ਸੀ.ਪੀ.ਆਈ., ਸਾਥੀ ਗੁਰਮੇਸ਼ ਸਿੰਘ, ਦਰਸ਼ਨ ਸਿੰਘ ਮੱਟੂ, ਜਗਦੀਸ਼ ਸਿੰਘ ਚੋਹਕਾ, ਗੁਰਬਖਸ਼ ਸਿੰਘ ਸੂਸ ਤੇ ਸਤੀਸ਼ ਚੰਦਰ ਸੀ.ਪੀ.ਆਈ.(ਐਮ) ਅਤੇ ਸਾਥੀ ਹਰਕੰਵਲ ਸਿੰਘ, ਮਹਿੰਦਰ ਸਿੰਘ ਖੈਹੜ ਆਰ.ਐਮ.ਪੀ.ਆਈ ਵਲੋਂ ਹਾਜ਼ਰ ਸਨ। ਆਗੂਆਂ ਨੇ ਚੋਣ ਮੁਹਿੰਮ ਵਿੱਚ ਖੱਬੀਆਂ ਧਿਰਾਂ, ਹਮਦਰਦਾਂ ਅਤੇ ਜਮਹੂਰੀਅਤ ਪਸੰਦ ਪੰਜਾਬੀਆਂ ਨੂੰ ਖੱਬੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਤਰ੍ਹਾਂ ਦੀ ਮਦਦ ਲਈ ਅਪੀਲ ਕੀਤੀ। ਅੰਤ ਵਿੱਚ ਦੋ ਮਿੰਟ ਖੜੇ ਹੋ ਕੇ ਸੀ.ਪੀ.ਆਈ.(ਐਮ) ਤੇ ਸਾਬਕਾ ਮੁਲਾਜ਼ਮ ਆਗੂ ਚੌਧਰੀ ਗੁਰਬਚਨ ਸਿੰਘ ਸੂਸ ਨੂੰ ਸ਼ਰਧਾਂਜਲੀ ਭੇਂਟ ਕੀਤੀ।