best platform for news and views

ਉੱਚ ਤਾਕਤੀ ਕਮੇਟੀ ਵੱਲੋਂ ਸਰਕਾਰੀ ਨੌਕਰੀ ਵਾਸਤੇ ਜੰਗੀ ਨਾਇਕਾਂ ਦੇ ਸੱਤ ਆਸ਼ਰਿਤਾਂ ਦੇ ਨਾਵਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਸ਼

Please Click here for Share This News

ਚੰਡੀਗੜ੍ਹ, 13 ਜੂਨ:

ਸੂਬੇ ਦੇ ਸਨਮਾਨਿਤ ਜੰਗੀ ਨਾਇਕਾਂ ਦੇ ਸਤਿਕਾਰ ਵਜੋਂ ਮੁੱਖ ਸਕੱਤਰ ਦੀ ਅਗਵਾਈ ਵਾਲੀ ਉੱਚ ਤਾਕਤੀ ਕਮੇਟੀ ਨੇ ਸਰਕਾਰੀ ਨੌਕਰੀਆਂ ਵਾਸਤੇ ਇਨ੍ਹਾਂ ਦੇ ਸੱਤ ਆਸ਼ਰਿਤਾਂ ਦੇ ਨਾਵਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਤਿਮ ਫੈਸਲਾ ਲੈਣ ਵਾਸਤੇ ਸਿਫਾਰਸ਼ ਕੀਤੀ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਸੱਤ ਉਮੀਦਵਾਰਾਂ ਨੂੰ ਉਨ੍ਹਾਂ ਦੀ ਮਨਪਸੰਦ ਦੀ ਨੌਕਰੀ ਦੀ ਸਿਫਾਰਸ਼ ਕੀਤੀ ਗਈ ਹੈ। ਮੁੱਖ ਮੰਤਰੀ ਨੂੰ ਸਿਫਾਰਸ਼ ਭੇਜਣ ਤੋਂ ਪਹਿਲਾਂ ਕਮੇਟੀ ਨੇ ਇਨ੍ਹਾਂ ਉਮੀਦਵਾਰਾਂ ਤੋਂ ਉਨ੍ਹਾਂ ਦੀ ਪਸੰਦ ਬਾਰੇ ਪੁੱਛਿਆ ਸੀ।

ਵਿੰਗ ਕਮਾਂਡਰ ਐਮ.ਐਸ. ਢਿੱਲੋਂ ਦੀ ਵਿਧਵਾ ਪ੍ਰਭਪ੍ਰੀਤ ਕੌਰ ਨੇ ਕਲਾਸ –1 ਦੀ ਅਸਾਮੀ ਅਲਾਟ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਸ ਦੀ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਦੀ ਅਸਾਮੀ ਲਈ ਸਿਫਾਰਸ਼ ਕੀਤੀ ਗਈ ਹੈ। ਗੌਰਤਲਬ ਹੈ ਕਿ ਵਿੰਗ ਕਮਾਂਡਰ ਐਮ.ਐਸ.ਢਿੱਲੋਂ ਨੇ ਅਰੁਨਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਸਿਵਲੀਅਨਾਂ ਨੂੰ ਬਾਹਰ ਕੱਢਦੇ ਸਮੇਂ ਹਵਾਈ ਹਾਦਸੇ ਵਿੱਚ ਆਪਣਾ ਮਹਾਨ ਬਲਿਦਾਨ ਦਿੱਤਾ ਸੀ।

ਇਸੇ ਤਰ੍ਹਾਂ ਹੀ ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੀ ਵਿਧਵਾ ਗੁਰਪ੍ਰੀਤ ਕੌਰ ਅਤੇ ਗੁਰਦਾਸਪੁਰ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਵਿਧਵਾ ਰਾਜਵਿੰਦਰ ਕੌਰ ਨੇ ਗਰੁੱਪ-ਬੀ ਜਾਂ ਸੀ ਦੀ ਅਸਾਮੀ ਲਈ ਬੇਨਤੀ ਕੀਤੀ ਸੀ। ਉਨ੍ਹਾਂ ਦੇ ਨਾਮਾਂ ਦੀ ਦਿਹਾਤੀ ਵਿਕਾਸ ਵਿਭਾਗ ਵਿੱਚ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ (ਐਸ.ਈ.ਪੀ.ਓ.) ਵਜੋਂ ਸਿਫਾਰਸ਼ ਕੀਤੀ ਗਈ ਹੈ।

ਇਸੇ ਤਰ੍ਹਾਂ ਹੀ ਪਠਾਨਕੋਟ ਦੇ ਸ਼ਹੀਦ ਗਨਰ ਸੁਖਦਿਆਲ ਦੀ ਵਿਧਵਾ ਪੱਲਵੀ ਸੈਣੀ ਨੇ ਗਰੁੱਪ-ਬੀ ਜਾਂ ਸੀ ਦੀ ਅਸਾਮੀ ਲਈ ਬੇਨਤੀ ਕੀਤੀ ਸੀ। ਕਮੇਟੀ ਨੇ ਉਸ ਦੇ ਨਾਂ ਦੀ ਸਹਿਕਾਰੀ ਸਭਾਵਾਂ ਵਿੱਚ ਇੰਸਪੈਕਟਰ ਦੀ ਅਸਾਮੀ ਲਈ ਸਿਫ਼ਾਰਸ਼ ਕੀਤੀ ਹੈ।

ਤਰਨਤਾਰਨ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਭਰਾ ਸ਼ਮਸ਼ੇਰ  ਸਿੰਘ ਦੇ ਨਾਂ ਦੀ ਸਿਫਾਰਸ਼ ਨਾਇਬ ਤਹਿਸੀਲਦਾਰ ਵਜੋਂ ਕੀਤੀ ਗਈ ਹੈ। ਉਸ ਨੇ ਗਰੁੱਪ-ਬੀ ਜਾਂ ਸੀ ਦੀ ਨੌਕਰੀ ਲਈ ਬੇਨਤੀ ਕੀਤੀ ਸੀ। ਮੋਗਾ ਦੇ ਸ਼ਹੀਦ ਸਿਪਾਹੀ ਜਸਪ੍ਰੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਸੰਗਰੂਰ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਭਰਾ ਜਗਦੀਪ ਸਿੰਘ ਦੇ ਨਾਵਾਂ ਦੀ ਸਿਫਾਰਸ਼ ਪੁਲਿਸ ਵਿਭਾਗ ਵਿੱਚ ਕੌਂਸਟੇਬਲ ਵਜੋਂ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਸੈਕੰਡਰੀ ਪੱਧਰ ਦੀ ਹੈ। ਇਨ੍ਹਾਂ ਸਾਰੇ ਸ਼ਹੀਦਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ ਵਿਰੁੱਧ ਵੱਖ-ਵੱਖ ਓਪਰੇਸ਼ਨਾਂ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਬਹਾਦਰ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪ੍ਰਗਟਾਈ ਗਈ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ ਸੂਬਾ ਸਰਕਾਰ ਸਰਕਾਰੀ ਸੈਕਟਰ ਵਿੱਚ ਇਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ ਤਾਂ ਜੋ ਇਹ ਪਰਿਵਾਰ ਸਤਿਕਾਰਿਤ ਅਤੇ ਗੌਰਵਪੂਰਨ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ।

Please Click here for Share This News

Leave a Reply

Your email address will not be published. Required fields are marked *