best platform for news and views

ਇਹ ਹੈ ਬਾਦਲ ਤੋਂ ਮਿਨਤਾਂ ਕਰਵਾਉਣ ਵਾਲਾ ਗੁਰਦੀਪ ਸਿੰਘ

Please Click here for Share This News
ਲੰਬੀ (ਮੁਕਤਸਰ) : ਪਿਛਲੇ ਦਿਨੀ ਸੋਸ਼ਲ ਮੀਡੀਆ ‘ਤੇ ਇਕ ਆਡੀਓ ਬਹੁਤ ਵਾਇਰਲ ਹੋਈ ਜਿਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਵਿਅਕਤੀ ਦੀਆਂ ਮਿੰਨਤਾਂ ਕਰ ਰਿਹਾ ਹੈ ਅਤੇ ਇੱਜਤ ਦਾ ਸਵਾਲ ਕਹਿ ਕੇ ਤਰਲੇ ਪਾਰ ਰਿਹਾ ਹੈ ਅਤੇ ਚੋਣਾ ਵਿਚ ਮੱਦਦ ਕਰਨ ਦੀ ਗੁਹਾਰ ਲਗਾ ਰਿਹਾ ਹੈ। ਇਸ ਆਡੀਓ ਵਿਚ ਸ੍ਰੀ ਬਾਦਲ ਨਾਲ ਗੱਲ ਕਰਨ ਵਾਲਾ ਵਿਅਕਤੀ ਕੌਣ ਹੈ, ਇਸ ਬਾਰੇ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਇਹ ਵਿਅਕਤੀ ਹਲਕਾ ਲੰਬੀ ਵਿਚ ਪੈਂਦੇ ਪਿੰਡ ਹਾਕੂਵਾਲਾ ਦਾ ਗੁਰਦੀਪ ਸਿੰਘ ਹੈ, ਜਿਸਦਾ ਪਰਿਵਾਰ ਟਕਸਾਲੀ ਅਕਾਲੀ ਸੀ, ਪਰ ਪਿਛਲੇ ਸਾਲਾਂ ਵਿਚ ਉਸਦੇ ਪਰਿਵਾਰ ਨੂੰ ਅਕਾਲੀ ਜਥੇਦਾਰਾਂ ਨੇ ਇੰਨਾ ਤੰਗ ਪ੍ਰੇਸ਼ਾਨ ਕੀਤਾ ਕਿ ਉਹ ਇਸ ਵਾਰ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਹੈ। ਪਿਛਲੀ 17 ਜਨਵਰੀ ਨੂੰ ਉਸ ਦਾ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ। ਗੁਰਦੀਪ ਸਿੰਘ ਨੂੰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਲੰਬੀ ਹਲਕੇ ਵਿਚ ਇਕ ਰੈਲੀ ਦੀ ਸਟੇਜ਼ ਤੋਂ ਲੋਕਾਂ ਸਾਹਮਣੇ ਕੀਤਾ।
ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਾਕੂਵਾਲਾ ਦਾ ਇਕ ਆਮ ਕਿਸਾਨ ਹੈ। ਉਸਦਾ ਪਰਿਵਾਰ ਟਕਸਾਲੀ ਅਕਾਲੀ ਹੈ ਅਤੇ ਉਸਦੇ ਦਾਦਾ ਹੀਰਾ ਸਿੰਘ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੱਟੜ ਸਮਰੱਥਕ ਰਹੇ ਹਨ। ਉਸਦੇ ਪਿਤਾ ਮੇਜਰ ਸਿੰਘ ਦੋ ਵਾਰ ਪਿੰਡ ਦੇ ਸਰਪੰਚ ਰਹੇ ਹਨ। ਉਸ ਨੇ ਦੱਸਿਆ ਕਿ ਬਾਅਦ ਵਿਚ ਅਕਾਲੀ ਜਥੇਦਾਰਾਂ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 2011 ਵਿਚ ੳੁਸ ਖਿਲਾਫ ਹਵਾਈ ਫਾਇਰਿੰਗ ਦਾ ਕੇਸ ਦਰਜ ਕਰਵਾ ਦਿੱਤਾ ਅਤੇ ਇਸ ਤੋਂ ਬਾਅਦ ਉਸਦੇ ਭਰਾ ਹਰਦੀਪ ਸਿੰਘ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਵਾ ਦਿੱਤਾ। ਹਰਦੀਪ ਸਿੰਘ ਪੰਜਾਬ ਪੁਲੀਸ ਵਿਚ ਸਬ ਇੰਸਪੈਕਟਰ ਹੈ। ਬਾਅਦ ਵਿਚ ਅਦਾਲਤ ਵਿਚੋਂ ਦੋਵੇਂ ਭਰਾ ਬਰੀ ਹੋ ਗਏ ਸਨ। ਉਸ ਨੇ ਦੱਸਿਆ ਕਿ ਫਿਰ ਵੀ ਅਕਾਲੀ ਜਥੇਦਾਰਾਂ ਨੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਪਹੁੰਚ ਕੀਤੀ, ਪਰ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਹੁਣ ਅੱਕ ਕੇ ਉਨ੍ਹਾਂ ਦਾ ਪਰਿਵਾਰ 17 ਜਨਵਰੀ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਿਆ। ਜਦੋਂ ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਫੋਨ ਕੀਤਾ। ਪਹਿਲਾਂ ਉਨ੍ਹਾਂ ਦੇ ਕਿਸੇ ਸਹਾਇਕ ਨੇ ਫੋਨ ਕੀਤਾ ਅਤੇ ਫਿਰ ਸ੍ਰੀ ਬਾਦਲ ਨਾਲ ਗੱਲ ਕਰਵਾਈ। ਸ੍ਰੀ ਬਾਦਲ ਨੇ ਉਸ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮੱਦਦ ਕਰਨ ਦੀ ਬੇਨਤੀ ਕੀਤੀ। ਗੁਰਦੀਪ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ, ਹੁਣ ਲੋੜ ਵੇਲੇ ਮਿੰਨਤਾਂ ਕਰ ਰਹੇ ਹਨ।
ਗੁਰਦੀਪ ਸਿੰਘ ਪਿੰਡ ਹਾਕੂਵਾਲਾ
Please Click here for Share This News

Leave a Reply

Your email address will not be published. Required fields are marked *