( ਇਹ ਮੁੱਹਬਤ ਕੀ ਹੈ )
ਸੱਚ -ਮੁੱਚ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੈ ਕਿ ਮੁੱਹਬਤ ਕੀ ਹੁੰਦੀ ਹੈ ? ਇਕ ਲੜਕੇ ਲੜਕੀ ਦੇ ਆਪਸੀ ਪਿਆਰ ਨੂੰ ਅਸੀਂ ਮੁੱਹਬਤ ਕਹਿ ਦਿੰਦੇ ਹਾਂ । ਜਦ ਕਿ ਮੁੱਹਬਤ ਦੇ ਬਹੁਤ ਰਿਸ਼ਤੇ ਹੁੰਦੇ ਨੇ ।ਮਾਂ ਪਿਉ ,ਭੈਣ-ਭਰਾ ,ਪਤੀ ਪਤਨੀ ,ਗੁਰੂ – ਚੇਲਾ , ਸਹੇਲੀਆਂ , ਦੋਸਤ , ਅਧਿਆਪਕ ਤੇ ਵਿਦਿਆਰਥੀ । ਇਸਦੇ ਇਲਾਵਾ ਹੋਰ ਵੀ ਬਹੁਤ ਰਿਸ਼ਤੇ ਨੇ ਮੁੱਹਬਤ ਦੇ । ਜਾਨਵਰਾਂ ਤੇ ਪਸ਼ੂ ਪੰਛੀਆਂ ਵਿੱਚ ਵੀ ਮੁੱਹਬਤ ਹੁੰਦੀ ਹੈ ।
ਜੂਡਿਥ ਵਿਉਰਸਟ ਦੇ ਅਨੁਸਾਰ ਮੁੱਹਬਤ ਜ਼ਿੰਦਗੀ ਦਾ ਇਕ ਸੰਘਰਸ਼ ਹੈ , ਪਰ ਇਹ ਲੜਾਈ ਹੋਰ ਲੜਾਈਆਂ ਨਾਲ਼ੋਂ ਵਧੀਆ ਅਤੇ ਉਸਾਰੂ ਹੈ ।
ਮੁੱਹਬਤ ਇਕ ਸ਼ਕਤੀ ਦਾ ਸੋਮਾ ਹੈ । ਕਹਿੰਦੇ ਨੇ ਮੁੱਹਬਤ ਇਕ ਉਹ ਭਾਸ਼ਾ ਹੈ ਜਿਸ ਨੂੰ ਗੂੰਗੇ ਤੇ ਬੋਲੇ ਵੀ ਬਾਖੂਬੀ ਪੜ੍ਹ ਤੇ ਸਮਝ ਜਾਂਦੇ ਹਨ । ਪਸ਼ੂ ਪੰਛੀ ਤੇ ਜਾਨਵਰ ਵੀ ਮੁੱਹਬਤ ਦੀ ਭਾਸ਼ਾ ਨੂੰ ਬਾਖੂਬੀ ਸਮਝਦੇ ਹਨ ।
ਮੁੱਹਬਤ ਤਾਂ ਜਾਤ -ਪਾਤ , ਰੰਗ -ਰੂਪ , ਉਮਰ , ਮਜ਼੍ਹਬ , ਜਿਸਮਾਨੀ ਹਵਸ ਤੋਂ ਕੋਹਾਂ ਦੂਰ ਹੁੰਦੀ ਹੈ । ਅੱਟਲ , ਅਥਾਹ , ਅਡੋਲ ਤੇ ਸ਼ਾਂਤ ਸਾਗਰ ਵਾਂਗ ਖ਼ਾਮੋਸ਼ ਹੁੰਦੀ ਹੈ । ਮੁੱਹਬਤ ਤੇ ਰੂਹ ਦਾ ਰਿਸ਼ਤਾ ਹੁੰਦਾ ਹੈ । ਜੋ ਸੁੰਨੀਆਂ ਅੱਖਾਂ ਪਿੱਛੇ ਦੀ ਉਦਾਸੀ ਤੇ ਹਾਸਿਆਂ ਪਿੱਛੇ ਛੁੱਪੀ ਖ਼ਾਮੋਸ਼ੀ ਤੇ ਦਰਦ ਨੂੰ ਪਹਿਚਾਣ ਸਕੇ । ਮੁੱਹਬਤ ਵਿੱਚ ਇਕ ਦੂਸਰੇ ਤੋਂ ਕੋਈ ਪਰਦੇਦਾਰੀ ਨਹੀਂ ਹੁੰਦੀ ।
ਇਹ ਮੁੱਹਬਤ ਹੀ ਹੈ ਜੋ ਚੋਰਾਂ ਨੂੰ ਸਾਧ ਬਣਾ ਦਿੰਦੀ ਹੈ । ਇਹ ਮੁੱਹਬਤ ਸੀ ਜਿਸ ਦੀ ਖਾਤਿਰ ਰਾਂਝੇ ਨੂੰ ਮਹੀਂਵਾਲ ਬਨਣਾ ਪਿਆ , ਸੱਸੀ ਪੁਨੂੰ ਨੂੰ ਪੁਕਾਰਦੀ ਹੋਈ ਥੱਲਾਂ ਵਿਚ ਉਸ ਪਿੱਛੇ ਗਈ , ਸੋਹਣੀ ਕੱਚੇ ਘੜ੍ਹੇ ਤੇ ਤੈਰ ਕੇ ਅੱਧੀ ਰਾਤ ਨੂੰ ਮਹੀਂਵਾਲ ਨੂੰ ਮਿਲਣ ਲਈ ਜਾਂਦੀ ਹੈ , ਸ਼ੀਰੀ ਦੀ ਖਾਤਿਰ ਫ਼ਰਿਆਦ ਨੂੰ ਨਹਿਰ ਪੁੱਟਣੀ ਪਈ , ਤੇ ਹੀਰ ਨੂੰ ਵੀ ਆਖਿਰ ਜ਼ਹਿਰ ਪੀਣਾ ਪਿਆ ।
ਕਹਿੰਦੇ ਨੇ ਭਗਤ ਤੁਲਸੀ ਦਾਸ ਦਾ ਆਪਣੀ ਪਤਨੀ ਨਾਲ ਕਾਫ਼ੀ ਪਿਆਰ ਸੀ । ਇਕ ਵਾਰ ਉਹ ਆਪਣੇ ਪੇਕੇ ਜਾਂਦੀ ਹੈ ਤੇ ਬਾਦ ਵਿੱਚ ਉਦਾਸ ਹੋ ਕੇ ਪਤਨੀ ਦੇ ਪਿਆਰ ਵਿੱਚ , ਉਸ ਦੀ ਯਾਦ ਵਿੱਚ , ਉਹ ਅੱਧੀ ਰਾਤ ਨੂੰ ਚੋਰੀ ਉਸ ਨੂੰ ਮਿਲਣ ਪਹੁੰਚ ਜਾਂਦਾ ਹੈ । ਅੱਗੋਂ ਉਸ ਦੀ ਪਤਨੀ ਬਹੁਤ ਫਿਟਕਾਰ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਅਗਰ ਤੂੰ ਐਨਾ ਪਿਆਰ ਪਰਮਾਤਮਾ ਨੂੰ ਕਰਦਾ ਤੇ ਤੈਨੂੰ ਉਸਦੀ ਪ੍ਰਾਪਤੀ ਹੋ ਜਾਣੀ ਸੀ । ਸਚਮੁਚ ਫਿਰ ਉਹ ਵੈਰਾਗ ਵਿੱਚ ਆ ਜਾਂਦਾ ਹੈ ਤੇ ਰੱਬ ਦੀ ਭਗਤੀ ਵਿੱਚ ਲੱਗ ਜਾਂਦਾ ਹੈ ਤੇ ਫਿਰ ਭਗਤ ਤੁਲਸੀ ਦਾਸ ਬਣ ਜਾਂਦਾ ਹੈ ।
ਅੱਜ ਕਲ ਸੱਚੀ ਮੁੱਹਬਤ ਨਹੀਂ ਰਹਿ ਗਈ , ਬਹੁਤ ਘੱਟ ਹੀ ਦੇਖਣ ਨੂੰ ਮਿੱਲਦੀ ਹੈ ,ਹੁਣ ਇਹ ਸਿਰਫ਼ ਕਿਤਾਬਾਂ , ਕਿੱਸੇ -ਕਹਾਣੀਆਂ ਤੇ ਫਿਲਮਾਂ ਵਿੱਚ ਹੀ ਰਹਿ ਗਈ ਹੈ ।ਰੂਹਾਂ ਦੀ ਮੁੱਹਬਤ ਨਹੀਂ ਸਿਰਫ ਜਿਸਮਾਂ ਦੀ ਮੁੱਹਬਤ ਰਹਿ ਗਈ ਹੈ ।ਅੱਜ-ਕੱਲ੍ਹ ਕਾਫ਼ੀ ਲੜਕੇ ਆਪਣੀ ਝੂਠੀ ਮੁੱਹਬਤ ਵਿੱਚ ਲੜਕੀਆਂ ਨੂੰ ਫਸਾ ਲੈਂਦੇ ਹਨ ਤੇ ਇਸਤੇਮਾਲ ਕਰਕੇ ਛੱਡ ਦਿੰਦੇ ਨੇ ਤੇ ਬਹੁਤ ਲੜਕੀਆਂ ਸਦਮੇ ਤੇ ਬਦਨਾਮੀ ਦੇ ਡਰ ਤੋਂ ਜਾਣ ਵੀ ਦੇ ਦਿੰਦੀਆਂ ਹਨ । ਕੀ ਇਹ ਮੁੱਹਬਤ ਹੈ ?
ਸਰਦਾਰ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਜੀ ਨੇ ਇਕ ਜਗ੍ਹਾ ਲਿਖਿਆ ਹੈ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ।
ਕਈ ਕਹਿੰਦੇ ਨੇ ਕਿ ਮੁੱਹਬਤ ਪਹਿਲੀ ਨਜ਼ਰ ਵਿੱਚ ਹੋ ਜਾਂਦੀ ਹੈ । ਪਰ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ । ਅੱਜ ਕਲ ਤੇ ਬਿਨਾ ਦੇਖੇ ਬਿਨਾ ਮਿਲੇ ਵੀ ਮੁੱਹਬਤ ਹੋ ਜਾਂਦੀ ਹੈ । ਕਿਸੇ ਨੂੰ ਆਪਣੀਆਂ ਯਾਦਾਂ ਵਿੱਚ ਮਹਿਸੂਸ ਕਰਨਾ , ਹਰ ਸਾਹ ਵਿੱਚ ਮਹਿਸੂਸ ਕਰਨਾ , ਮਿਲਣਾ ਚਾਅ ਕੇ ਵੀ ਮਿਲ ਨਹੀਂ ਸਕਣਾ । ਜਿਹਨਾਂ ਅੰਦਰ ਸੱਚੇ ਪਿਆਰ ਦੀ ਇਕ ਲਗਨ , ਇਕ ਦਰਦ , ਇਕ ਤੜਪ ਹੋਵੇ , ਉਹ ਰੂਹ ਦੇ ਰਿਸ਼ਤੇ ਹੁੰਦੇ ਹਨ । ਬਹੁਤ ਪਾਕਿ ਤੇ ਪਵਿੱਤਰ ਰਿਸ਼ਤਾ ਜੋ ਸੱਚੀ ਤੇ ਰੂਹਾਨੀ ਮੁੱਹਬਤ ਵਿੱਚ ਹੁੰਦਾ ਹੈ । ਮੁੱਹਬਤ ਤੇ ਦੇਣ ਦਾ ਨਾਮ ਹੈ , ਇਕ ਕੁਰਬਾਨੀ ਦਾ ਨਾਮ ਹੈ । ਜਿਸ ਵਿੱਚ ਇਨਸਾਨ ਰੋਜ਼ ਹੀ ਤਿਲ ਤਿਲ ਕਰਕੇ ਮਰਦਾ ਹੈ ।
ਮੁੱਹਬਤ ਤੇ ਕਦੀ ਵੀ , ਕਿਸੇ ਨਾਲ , ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ । ਚਾਹੈ ਸ਼ਾਦੀ ਤੋਂ ਪਹਿਲਾਂ ਜਾਂ ਬਾਅਦ । ਇਸ ਵਿੱਚ ਉਮਰ ਦਾ ਕੋਈ ਬੰਧਨ ਨਹੀਂ ਹੁੰਦਾ । ਹਾਂ ਕਈ ਵਾਰ ਬੇਬਸੀ ਜ਼ਰੂਰ ਹੁੰਦੀ ਹੈ ਜੱਦ ਇਨਸਾਨ ਕਿਸੇ ਨੂੰ ਮਿਲਣਾ ਚਾਅ ਕੇ ਵੀ ਮਿਲ ਨਾ ਸਕੇ । ਫਿਰ ਸਾਨੂੰ ਇਕਾਂਤ ਅੱਛਾ ਲੱਗਦਾ ਹੈ । ਫਿਰ ਸੰਗੀਤ ਤੇ ਕੀਰਤਨ ਸੁਨਣ ਨੂੰ ਮਨ ਕਰਦਾ ਹੈ । ਇਨਸਾਨ ਉਸ ਸੰਗੀਤ ਵਿੱਚ ਐਨਾ ਲੀਨ ਹੋ ਜਾਂਦਾ ਹੈ ਕਿ ਮਨ ਵੈਰਾਗ ਵਿੱਚ ਆ ਜਾਂਦਾ ਹੈ ਤੇ ਫਿਰ ਰੋਣ ਤੇ ਦਿਲ ਕਰਦਾ ਹੈ ।
ਸਾਨੂੰ ਸਿਲੇਬਸ ਵਿੱਚ ਹੀਰ – ਰਾਂਝਾ , ਸੋਹਣੀ – ਮਹੀਂਵਾਲ ਜਿਹੇ ਕਿੱਸੇ ਕਹਾਣੀਆਂ ਪੜ੍ਹਾਏ ਜਾਂਦੇ ਸੀ । ਕੀ ਅੱਜ ਕਲ ਕੋਈ ਲੜਕਾ ਲੜਕੀ ਸ਼ਾਦੀ ਦੇ ਬਾਦ ਇਸ ਤਰਾਂ ਮੁੱਹਬਤ ਕਰ ਸਕਦਾ ਹੈ ? ਅਗਰ ਕੋਈ ਐਸੀ ਹਰਕਤ ਕਰੇ ਜਾਂ ਕਿਸੇ ਨਾਲ ਗੱਲ ਵੀ ਕਰੇ ਤੇ ਬਦਚਲਣ ਅਵਾਰਾ ਕਹਿ ਕੇ ਘਰ ਤੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ ।
ਕਹਿੰਦੇ ਨੇ ਇਹ ਮੁੱਹਬਤ ਹੀ ਸੀ ਜਿਸ ਦੀ ਖਾਤਿਰ ਸ਼ਾਹ ਜਹਾਂ ਨੇ ਤਾਜ ਮੱਹਲ ਬਣਾਇਆ ਵਰਨਾ ਇਕ ਲਾਸ਼ ਦੀ ਖਾਤਿਰ ਕੋਈ ਇਸ ਤਰ੍ਹਾ ਨਹੀਂ ਕਰਦਾ ।
ਇਕ ਵਾਰ ਕ੍ਰਿਸ਼ਨ ਜੀ ਨੂੰ ਰਾਧਾ ਜੀ ਨੇ ਪੁੱਛਿਆ ਸੀ ਕਿ ਅਗਰ ਤੁਹਾਨੂੰ ਮੇਰੇ ਨਾਲ ਮੁੱਹਬਤ ਸੀ ਤੇ ਤੁਸੀਂ ਮੇਰੇ ਨਾਲ ਸ਼ਾਦੀ ਕਿਉਂ ਨਹੀਂ ਕੀਤੀ ? ਕ੍ਰਿਸ਼ਨ ਜੀ ਨੇ ਹੱਸ ਕੇ ਕਿਹਾ ਸੀ ਕਿ ਅਸੀਂ ਦੋ ਨਹੀਂ ਹਾਂ ਮੇਰਾ ਵਾਸ ਤੇਰੀ ਆਤਮਾ ਵਿੱਚ ਤੇ ਤੇਰਾ ਵਾਸ ਮੇਰੀ ਆਤਮਾ ਵਿੱਚ ਹੈ । ਅਸੀਂ ਇਕ ਦੂਸਰੇ ਤੋਂ ਅਲੱਗ ਨਹੀਂ ਹਾਂ ਇਕ ਹਾਂ । ਇਹ ਮੁੱਹਬਤ ਹੈ ।
ਕਈ ਲੋਕ ਸਵਾਲ ਕਰਦੇ ਨੇ ਕਿ ਮੁੱਹਬਤ ਤੇ ਪਸੰਦ ਵਿੱਚ ਕੀ ਫਰਕ ਹੁੰਦਾ ਹੈ । ਇਸ ਵਿੱਚ ਕੋਈ ਖ਼ਾਸ ਫਰਕ ਨਹੀਂ ਹੈ । ਪਸੰਦ ਵਿੱਚ ਸੰਬੰਧ ਰਸਮੀ ਹੁੰਦੇ ਨੇ ਤੇ ਮੁੱਹਬਤ ਵਿੱਚ ਗ਼ੈਰ ਰਸਮੀ ।
ਕਿਸੇ ਇਨਸਾਨ ਨਾਲ ਅਗਰ ਮੁੱਹਬਤ ਕਰਦੇ ਹਾਂ ਤਾਂ ਉਹ ਸਾਡੀ ਕਮਜ਼ੋਰੀ ਬਣ ਜਾਂਦੀ ਹੈ ਪਰ ਅਗਰ ਅਸੀਂ ਵਾਹਿਗੁਰੂ ਨਾਲ ਮੁੱਹਬਤ ਕਰਾਂਗੇ ਤੇ ਉਹ ਸਾਡੀ ਤਾਕਤ ਬਣ ਜਾਏਗੀ ਤੇ ਅਸੀਂ ਟੁੱਟਣ ਤੇ ਬਿਖਰਣ ਤੋਂ ਵੀ ਬੱਚ ਜਾਵਾਂਗੇ ।
ਅਸਲੀ ਮੁੱਹਬਤ ਰੂਹ ਦਾ ਰਿਸ਼ਤਾ ਹੈ ਜੋ ਇਨਸਾਨ ਨੂੰ ਇਬਾਬਤ ਤੱਕ ਲੈ ਜਾਂਦਾ ਹੈ । ਮੁੱਹਬਤ ਤੇ ਰੋਮ ਰੋਮ ਵਿੱਚ , ਹਰ ਸਾਹ ਵਿੱਚ ਮਹਿਸੂਸ ਕੀਤੀ ਜਾਂਦੀ ਹੈ । ਇਸ ਵਿੱਚ ਪਾਕੀਜ਼ਦੀ ਹੈ , ਸਮਝਣ ਵਾਲੀ ਪਾਰਖੂ ਨਜ਼ਰ ਹੋਣੀ ਚਾਹੀਦੀ ਹੈ । ਮੁੱਹਬਤ ਕਰਨੀ ਕੋਈ ਪਾਪ ਜਾਂ ਗੁਨਾਹ ਨਹੀਂ ਹੈ , ਬਸ਼ਰਤੇ ਕਿ ਇਹ ਰੂਹ ਤੋਂ ਹੋਣੀ ਚਾਹੀਦੀ ਹੈ ।
( ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭਿ ਪਾਇਓ )
ਮੁੱਹਬਤ ਤੇ ਰੱਬ ਨਾਲ ਵੀ ਇਨਸਾਨ ਦੀ ਅਥਾਹ ਹੁੰਦੀ ਹੈ । ਮੁੱਹਬਤ ਦੀ ਇੰਤਹਾ ਕੋਈ ਨਹੀਂ ਪਾ ਸਕਦਾ , ਗੁਰਬਾਣੀ ਵਿੱਚ ਵੀ ਸ਼ਬਦ ਹੈ ।
( ਜਿਸ ਪਿਆਰੇ ਸਿਉ ਨੇਹੁ
ਤਿਸ ਆਗੈ ਮਰਿ ਚਲੀਐ ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ )
( ਰਮਿੰਦਰ ਰਮੀ )