ਰਾਜਨ ਮਾਨ
ਅੰਮਿ੍ਰਤਸਰ, 11 ਸਤੰਬਰ : ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਝੋਨੇ ਦੀ ਪਰਾਲੀ ਸਾੜਨ ’ਤੇ ਲਾਈ ਸਖ਼ਤ ਰੋਕ ਦੇ ਮੱਦੇਨਜ਼ਰ ਇਸ ਵਾਰ ਕੋਈ ਵੀ ਕੰਬਾਇਨ ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਦੇ ਨਹੀਂ ਚੱਲ ਸਕੇਗੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੰਬਾਇਨਾਂ ਵਿਚ ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ ਲਗਾਉਣ ਲਈ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਪਰਾਲੀ ਦਾ ਨਿਪਟਾਰਾ ਬਿਨਾਂ ਅੱਗ ਲਾਏ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਕੰਬਾਇਨਾਂ ਵਿਚ ਐਸ.ਐਮ.ਐਸ. ਸਿਸਟਮ ਲਗਾਇਆ ਜਾਣਾ ਹੈ ਜੋ ਕਿ ਕੰਬਾਇਨ ਦੇ ਵਿਚੋਂ ਕਟਾਈ ਬਾਅਦ ਨਿਕਲਣ ਵਾਲੀ ਪਰਾਲੀ ਦਾ ਕੁਤਰਾ ਕਰਕੇ ਨਾਲੋਂ ਨਾਲ ਖੇਤ ਵਿਚ ਖਿਲਾਰ ਦੇਵੇਗਾ। ਇਸ ਤਰਾਂ ਖੇਤ ਵਿਚ ਅਗਲੀ ਫਸਲ ਦੀ ਬਿਜਾਈ ਬਿਨਾਂ ਖੇਤ ਨੂੰ ਅੱਗ ਲਗਾਏ ਸਧਾਰਨ ਵਹਾਈ ਨਾਲ ਕੀਤੀ ਜਾ ਸਕੇਗੀ। ਇਸ ਲਈ ਸਰਕਾਰ ਨੇ ਇਹ ਐਸ.ਐਮ.ਐਸ. ਸਿਸਟਮ ਲਗਾਉਣ ਲਈ ਇਸ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 50 ਹਜਾਰ ਰੁਪਏ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਹ ਸਿਸਟਮ ਨਵੀਂਆਂ ਪੁਰਾਣੀਆਂ ਹਰ ਪ੍ਰਕਾਰ ਦੀਆਂ ਕੰਬਾਇਨਾਂ ਵਿਚ ਲਗਾਇਆ ਜਾਣਾ ਹੈ।
ਜ਼ਿਲਾ ਖੇਤੀਬਾੜੀ ਅਫ਼ਸਰ ਸ: ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਜਿਹੜੇ ਕਿਸਾਨ ਇਹ ਐਸ.ਐਮ.ਐਸ. ਸਿਸਟਮ ਲਗਾਉਣ ਲਈ ਸਬਸਿਡੀ ਲੈਣਾ ਚਾਹੁੰਦੇ ਹਨ ਉਹ ਕਿਸਾਨ ਜ਼ਿਲਾ ਖੇਤੀਬਾੜੀ ਦਫ਼ਤਰ ਵਿਖੇ ਨਿਰਧਾਰਤ ਪ੍ਰੋਫਾਰਮੇ ਵਿਚ ਆਪਣੀਆਂ ਅਰਜੀਆਂ ਜਮਾਂ ਕਰਵਾ ਸਕਦੇ ਹਨ। ਫਾਰਮ ਜਮਾਂ ਕਰਵਾਉਣ ਦੀ ਅੰਤਮ ਮਿਤੀ 30 ਸਤੰਬਰ 2017 ਤੱਕ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੀ ਵੈਬਸਾਈਟ www.agripb.gov.in ਵੀ ਵੇਖੀ ਜਾ ਸਕਦੀ ਹੈ ਜਾਂ ਕਿਸਾਨ ਕਾਲ ਸੈਂਟਰ ਦੇ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।