best platform for news and views

ਇਲੈਕਸ਼ਨ ਕਮਿਸ਼ਨ ਤੋਂ ਕੀਤੀ ਮੰਗ, ਸੀਐਮਡੀ ਕੇਡੀ ਚੌਧਰੀ ਦੇ ਖਿਲਾਫ ਲਿਆ ਜਾਵੇ ਸਖਤ ਨੋਟਿਸ-ਢੋਗਰਾ

Please Click here for Share This News

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਸੀਐਮਡੀ ਕੇਡੀ ਚੌਧਰੀ ਖਿਲਾਫ ਸਖਤ ਨੋਟਿਸ ਲਿਆ ਜਾਵੇ ਕਿਉਂਕਿ ਆਦਰਸ਼ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ ਉਹ ਸੱਤਾਧਾਰੀ ਧਿਰ ਅਕਾਲੀ ਦਲ ਦੇ ਆਗੂਆਂ ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੀ ਹਮਾਇਤ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆ ਆਮ ਆਦਮੀ ਪਾਰਟੀ ਦੀ ਸਪੋਕਸਪਰਸਨ ਚੰਦਰ ਸੁਤਾ ਡੋਗਰਾ ਨੇ ਕਿਹਾ ਕਿ ਕੇਡੀ ਚੌਧਰੀ ਸ਼ਾਇਦ ਭਾਰਤ ਦੇ ਅਜਿਹੇ ਇਕਲੌਤੇ ਸਰਕਾਰੀ ਅਧਿਕਾਰੀ ਹਨ, ਜਿਨਾਂ ਦੀ ਰਿਟਾਇਰਮੈਂਟ ਉਮਰ ਵਧਾ ਕੇ 20 ਦਸੰਬਰ ਨੂੰ 67 ਸਾਲ ਕੀਤੀ ਗਈ, ਜਦਕਿ ਸਵੈਧਾਨਿਕ ਅਹੁਦਿਆਂ ਉਤੇ ਤੈਨਾਤ ਵਿਅਕਤੀ 65 ਸਾਲ ਤੋਂ ਉਤੇ ਕੰਮ ਨਹੀਂ ਕਰ ਸਕਦੇ (ਨੋਟੀਫਿਕੇਸ਼ਨ ਨੱਥੀ ਹੈ)।  ਉਨਾਂ ਕਿਹਾ ਕਿ ਚੌਧਰੀ ਦੇ ਕਾਰਜਕਾਲ ਵਿੱਚ ਵਾਧਾ ਸਿਰਫ ਇਸ ਲਈ ਕੀਤਾ ਗਿਆ ਹੈ, ਤਾਂਜੋ ਉਹ ਚੋਣਾਂ ਮੌਕੇ ਅਕਾਲੀ ਦਲ ਦੀ ਸਹਾਇਤਾ ਕਰ ਸਕੇ।
ਕੇਡੀ ਚੌਧਰੀ ਨੂੰ 3.6.2010 ਨੂੰ ਪੀਐਸਪੀਸੀਐਲ ਦਾ ਇੱਕ ਸਾਲ ਲਈ ਸੀਐਮਡੀ ਲਗਾਇਆ ਗਿਆ ਸੀ। ਇੱਕ ਸਾਲ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਉਨਾਂ ਦੇ ਕਾਰਜਕਾਲ ਵਿੱਚ ਤਿੰਨ ਸਾਲ ਦਾ ਵਾਧਾ ਜਾਂ 62 ਸਾਲ ਉਮਰ ਜੋ ਵੀ ਪਹਿਲਾਂ ਹੋਵੇ, ਵਧਾ ਦਿੱਤਾ ਗਿਆ। ਜਿਵੇਂ ਹੀ ਉਹ 62 ਸਾਲ ਦੇ ਹੋਣ ਵਾਲੇ ਸਨ, 8.2.2014 ਨੂੰ ਸੇਵਾਮੁਕਤੀ ਉਮਰ 62 ਸਾਲ ਤੋਂ 65 ਸਾਲ ਕੀਤੀ ਗਈ ਅਤੇ ਇੱਕ ਸਾਲ ਦਾ ਹੋਰ ਵਾਧਾ ਕੀਤਾ ਗਿਆ। 8.2.2015 ਨੂੰ ਮਿਆਦ ਪੁੱਗਣ ਉਤੇ ਉਨਾਂ ਨੂੰ ਅਗਲੇ ਹੁਕਮਾਂ ਤੱਕ ਮੌਜੂਦਾ ਅਹੁਦੇ ਉਤੇ ਰਹਿਣ ਦੀ ਇਜਾਜਤ ਦੇ ਦਿੱਤੀ ਗਈ।
ਇਹ 8.2.17 ਨੂੰ 65 ਸਾਲ ਦੀ ਉਮਰ ਵਿੱਚ ਉਨਾਂ ਦੀ ਸੇਵਾਮੁਕਤੀ ਹੋਣੀ ਸੀ। ਇਹ ਤਾਰੀਖ ਆਦਰਸ਼ ਚੋਣ ਜਾਬਤੇ ਅਧੀਨ ਪੈਂਦੀ ਸੀ ਅਤੇ ਸਰਕਾਰ ਇਸ ਸਮੇਂ ਦੌਰਾਨ ਕੁੱਝ ਨਹੀਂ ਕਰ ਸਕਦੀ ਸੀ। ਪਰ ਅਸੂਲਾਂ ਨੂੰ ਦਰਕਿਨਾਰੇ ਕਰਦਿਆਂ 20.12.2016 ਨੂੰ ਉਨਾਂ ਦਾ ਕਾਰਜਕਾਲ 67 ਸਾਲ ਦੀ ਉਮਰ ਤੱਕ ਕਰ ਦਿੱਤਾ ਗਿਆ। ਸ਼੍ਰੀਮਤੀ ਡੋਗਰਾ ਨੇ ਕਿਹਾ ਕਿ ਸਰਕਾਰ ਦੇ ਇਸ ਅਹਿਸਾਨ ਦਾ ਬਦਲਾ ਚੁਕਾਉਣ ਲਈ ਉਨਾਂ ਨੇ ਅਕਾਲੀ ਦਲ ਦੀ ਸਹਾਇਤਾ ਲਈ ਪੂਰੀ ਕੋਸ਼ਿਸ਼ ਲਗਾਈ ਹੋਈ ਹੈ।
ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੀਐਮਡੀ ਕੋਟਾ ਦੁੱਗਣਾ ਕਰ ਦਿੱਤਾ, ਤਾਂ ਜੋ ਉਹ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਹਲਕਿਆਂ ਵਿੱਚ ਅਕਾਲੀ ਦਲ ਦੀ ਸਹਾਇਤਾ ਕਰ ਸਕਣ। ਉਨਾਂ ਕਿਹਾ ਕਿ ਟਿਊਬਵੈਲ ਦੇ ਕਨੈਕਸ਼ਨ ਅਕਾਲੀ ਉਮੀਦਵਾਰਾਂ, ਜਥੇਦਾਰਾਂ ਅਤੇ ਹਲਕਾ ਇੰਚਾਰਜਾਂ ਦੀ ਸਿਫਾਰਿਸ਼ਾਂ ਉਤੇ ਦਿੱਤੇ ਜਾਂਦੇ ਹਨ ਅਤੇ ਕਿਸਾਨਾਂ ਤੋਂ ਆਮ ਨਾਲੋਂ ਤਿੰਨ ਗੁਣਾ ਜਿਆਦਾ ਕੀਮਤ ਵਸੂਲੀ ਜਾਂਦੀ ਹੈ।
2016-17 ਦੀ ਪਾਲਿਸੀ ਮੁਤਾਬਿਕ ਇੱਕ ਲੱਖ ਕੁਨੈਕਸ਼ਨ ਦਿੱਤੇ ਜਾਣੇ ਸਨ। ਇਨਾਂ ਵਿੱਚੋਂ ਸਿਰਫ 10 ਹਜਾਰ ਕੁਨੈਕਸ਼ਨ ਜਨਰਲ ਕੈਟਾਗਿਰੀ ਨੂੰ ਦਿੱਤੇ ਗਏ, ਜਦਕਿ 50 ਹਜਾਰ ਕੁਨੈਕਸ਼ਨ ਚੇਅਰਮੈਨ ਕੋਟੇ ਅਧੀਨ ਦਿੱਤੇ ਗਏ। ਸਭ ਤੋਂ ਜਿਆਦਾ ਕੁਨੈਕਸ਼ਨ ਮਜੀਠਾ ਅਤੇ ਜਲਾਲਾਬਾਦ ਵਿੱਚ ਵੰਡੇ ਗਏ। ਮਜੀਠਾ ਵਿੱਚ 2300 ਅਤੇ ਜਲਾਲਾਬਾਦ ਵਿੱਚ 1500 ਕੁਨੈਕਸ਼ਨ ਦਿੱਤੇ ਗਏ। ਤਲਵੰਡੀ ਸਾਬੋ ਵਿੱਚ 2 ਹਜਾਰ, ਬਠਿੰਡਾ ਦੇਹਾਤੀ ਵਿੱਚ 1500, ਮਾਨਸਾ ਵਿੱਚ ਇੱਕ ਹਜਾਰ, ਮੌੜ ਵਿੱਚ 900 ਅਤੇ ਨਕੋਦਰ ਵਿੱਚ 800 ਕੁਨੈਕਸ਼ਨ ਚੋਣ ਜਾਬਦੇ ਦੀ ਉਲੰਘਣਾ ਕਰਕੇ ਵੰਡੇ ਗਏ। ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਚੇਅਰਮੈਨ ਕੋਟੇ ਵਿੱਚ ਅਚਾਨਕ ਵਾਧਾ ਕੀਤਾ ਗਿਆ ਅਤੇ ਅਗਲੇ ਦਿਨ 4 ਜਨਵਰੀ ਨੂੰ ਚੋਣ ਜਾਬਤੇ ਵਾਲੇ ਦਿਨ 3 ਹਜਾਰ ਕੁਨੈਕਸ਼ਨ ਵੰਡੇ ਗਏ, ਪਰ ਵਿਖਾਏ ਪਿਛਲੀ ਤਾਰੀਖ ਵਿੱਚ ਗਏ।
ਉਨਾਂ ਕਿਹਾ ਕਿ 4 ਜਨਵਰੀ ਨੂੰ ਚੋਣ ਜਾਬਤਾ ਪੂਰੀ ਤਰਾਂ ਲੱਗ ਗਿਆ ਸੀ, ਪਰ ਕੇਡੀ ਚੌਧਰੀ ਵੱਲੋਂ 150 ਜਣਿਆਂ ਨੂੰ ਪੀਐਸਪੀਸੀਐਲ ਵਿੱਚ ਹੈਲਪਰ ਦੇ ਤੌਰ ਉਤੇ ਭਰਤੀ ਕੀਤਾ ਗਿਆ, ਜਿਨਾਂ ਵਿੱਚ ਜਿਆਦਾਤਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਹਲਕੇ ਨਾਲ ਸੰਬੰਧਿਤ ਹਨ।

Please Click here for Share This News

Leave a Reply

Your email address will not be published. Required fields are marked *