ਲੁਧਿਆਣਾ : ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅੱਜ ਛਾਪਾ ਮਾਰ ਕੇ ਲੁਧਿਆਣਾ ਦੇ ਇਕ ਵਪਾਰੀ ਪਾਸੋਂ 58 ਲੱਖ ਰੁਪਏ ਦਾ ਕਾਲਾ ਧਨ ਬਰਾਮਦ ਕੀਤਾ ਹੈ, ਜਿਸ ਵਿਚ 4 ਲੱਖ 50 ਹਜਾਰ ਰੁਪਏ ਦ 2000 ਦੇ ਨੋਟ ਅਤੇ ਡੇਢ ਲੱਖ ਦੀ ਵਿਦੇਸੀ ਕਰੰਸੀ ਸਾਮਲ ਹੈ।ਅੱਜ ਇਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਵਿਸੇਸ ਸੂਚਨਾ ਦੇ ਆਧਾਰ ਤੇ ਕਿਚਲੂ ਨਗਰ ਲੁਧਿਆਣਾ ਵਿਖੇ ਇਕ ਵਪਾਰੀ ਦੇ ਘਰ ਤੇ ਛਾਪਾ ਮਾਰ ਕੇ ਤਲਾਸੀ ਲਈ ਤਾਂ ਇਹ ਕਾਲਾ ਧਨ ਬਰਾਮਦ ਹੋਇਆ, ਜਿਸਦਾ ਵਪਾਰੀ ਵਲੋਂ ਕੋਈ ਹਿਸਾਬ ਕਿਤਾਬ ਨਹੀਂ ਦਿਖਾਇਆ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਕਾਲੇ ਧਨ ਵਿਚ 54 ਲੱਖ ਰੁਪਏ 100 ਦੇ ਨੋਟ ਅਤੇ ਸਾਢੇ ਚਾਰ ਲੱਖ 2000 ਦੇ ਨੋਟ ਸਾਮਲ ਹਨ। ਇਸ ਤੋਂ ਇਲਾਵਾ ਡੇਢ ਲੱਖ ਰੁਪਏ ਦੀ ਵਿਦੇਸੀ ਕਰੰਸੀ ਵੀ ਬਰਾਮਦ ਕੀਤੀ ਗਈ ਜਿਸ ਵਿਚ ਅਮਰੀਕਨ ਅਤੇ ਸਿੰਘਾਪੁਰ ਦੇ ਡਾਲਰ ਸਾਮਲ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿਚ ਹੀ ਚੰਡੀਗੜ ਵਿਖੇ ਤਿੰਨ ਵੱਖ ਵੱਖ ਛਾਪੇ ਮਾਰ ਕੇ ਲਗਭਗ ਤਿੰਨ ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ, ਜਿਨਾਂ ਵਿਚ 82.54 ਲੱਖ ਰੁਪਏ ਦੇ 2000 ਦੇ ਨਵੇਂ ਨੋਟ ਸਾਮਲ ਹਨ। ਅਧਿਕਾਰੀਆਂ ਵਲੋਂ 14 ਦਸੰਬਰ ਨੂੰ ਮਾਰੇ ਗਏ ਛਾਪੇ ਦੌਰਾਨ ਦੋ ਕਰੋੜ 19 ਲੱਖ ਰੁਪਏ, 16 ਦਸੰਬਰ ਨੂੰ ਮਾਰੇ ਛਾਪੇ ਦੌਰਾਨ 30 ਲੱਖ ਰੁਪਏ ਅਤੇ 18 ਦਸੰਬਰ ਨੂੰ ਮਾਰੇ ਗਏ ਛਾਪੇ ਦੌਰਾਨ 50 ਲੱਖ ਰੁਪਏ ਬਰਾਮਦ ਕੀਤੇ ਗਏ ਸਨ।