
ਚਰਨਜੀਤ ਭੁੱਲਰ
ਬਠਿੰਡਾ, 2 ਫਰਵਰੀ
ਮੌੜ ਬੰਬ ਧਮਾਕੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਨਿੱਕੇ ਦੋਸਤਾਂ ਦੇ ਘਰ ਸੁੰਨੇ ਹੋ ਗਏ ਹਨ ਤੇ ਚੌਥਾ ਅੰਕੁਸ਼ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਿਹਾ ਹੈ। ਹਰਜੀਤ ਕੌਰ ਦੇ ਘਰ ਦਾ ਚਿਰਾਗ਼ ਸਦਾ ਲਈ ਬੁਝ ਗਿਆ ਹੈ। ਨੌਵੀਂ ਕਲਾਸ ਵਿੱਚ ਪੜ੍ਹਦਾ ਜਪਸਿਮਰਨ ਸਿੰਘ ਇਸ ਧਮਾਕੇ ਵਿੱਚ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪਿੱਛੇ ਹੁਣ ਜਪਸਿਮਰਨ ਦੀ ਛੋਟੀ ਭੈਣ ਪਰੀ ਬਚੀ ਹੈ। ਜਪਸਿਮਰਨ ਪੁਲੀਸ ਪਬਲਿਕ ਸਕੂਲ ਵਿੱਚ ਪੜ੍ਹਦਾ ਸੀ ਤੇ ਉਸ ਦੇ ਪਿਤਾ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ। ਰਾਕੇਸ਼ ਕੁਮਾਰ ਦੀ ਕਰਿਆਣੇ ਦੀ ਛੋਟੀ ਜਿਹੀ ਦੁਕਾਨ ਹੈ। ਉਸ ਦਾ ਸੱਤਵੀਂ ਜਮਾਤ ਵਿੱਚ ਪੜ੍ਹਦਾ ਲੜਕਾ ਸੌਰਵ ਸਿੰਗਲਾ ਵੀ ਚੋਣ ਹਿੰਸਾ ਦੇ ਸੇਕ ਵਿੱਚ ਸੜ ਗਿਆ ਹੈ।
ਮਾਂ ਸ਼ਸ਼ੀ ਬਾਲਾ ਨੂੰ ਹਰ ਪਾਸਿਓ ਪੁੱਤ ਦੇ ਭੁਲੇਖੇ ਪੈਂਦੇ ਹਨ। ਪਿੰਡ ਸੰਦੋਹਾ ਦਾ ਰਿਪਨਦੀਪ ਸਿੰਘ ਵੀ ਇਨ੍ਹਾਂ ਨਾਲ ਤੁਰ ਗਿਆ। ਇਸ ਬੱਚੇ ਨੇ ਜਦੋਂ ਹੋਸ਼ ਸੰਭਾਲਿਆ ਸੀ ਤਾਂ ਉਸ ਤੋਂ ਪਹਿਲਾਂ ਹੀ ਬਾਪ ਜਹਾਨੋਂ ਚਲਾ ਗਿਆ।
ਸਮਾਜਸੇਵੀ ਵਿੱਕੀ ਦੱਸਦਾ ਹੈ ਕਿ ਉਨ੍ਹਾਂ ਦੀ ਗਲੀ ਦੇ ਪੰਜ ਬੱਚਿਆਂ ਦੀ ਸਾਂਝ ਸੀ, ਜਿਨ੍ਹਾਂ ਵਿੱਚੋਂ ਤਿੰਨ ਸਾਥ ਛੱਡ ਗਏ ਤੇ ਚੌਥਾ ਅੰਕੁਸ਼ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ ਰਿਹਾ ਹੈ। ਪੰਜਵਾਂ ਦੋਸਤ ਕ੍ਰਿਸ਼ ਹਾਦਸੇ ਤੋਂ ਚੰਦ ਮਿੰਟ ਪਹਿਲਾਂ ਗਲੀ ’ਚੋਂ ਘਰ ਪਰਤ ਗਿਆ ਸੀ। ਉਹ ਬਠਿੰਡਾ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਾ ਹੈ। ਕ੍ਰਿਸ਼ ਸਦਮੇ ਵਿੱਚ ਹੈ ਤੇ ਉਹ ਸਕੂਲ ਨਹੀਂ ਜਾ ਰਿਹਾ ਹੈ। ਅੱਜ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਸਸਕਾਰ ਦੇ ਨਾਲ ਮਾਪਿਆਂ ਦੇ ਅਰਮਾਨ ਦੀ ਰਾਖ ਹੋ ਗਏ।
(we are thankful to punjabi tribune for publish this item)