ਧੂਰੀ ( ) ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਅਧੀਨ ਵਿਦਿਆਰਥਣਾਂ ਦੇ ਇੱਕ ਰੋਜ਼ਾ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਵਰਿੰਦਰ ਗਰਗ ਅਤੇ ਪ੍ਰਹਿਲਾਦ ਬਾਂਸਲ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਨੇ ਮਾਤਾ ਨੈਣਾ ਦੇਵੀ, ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ। ਪ੍ਰਿੰਸੀਪਲ ਨੀਰੂ ਜਿੰਦਲ ਨੇ ਟੂਰ ਦੀ ਅਗਵਾਈ ਕੀਤੀ ਅਤੇ ਉਹਨਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਜਿਹੇ ਵਿਦਿਅਕ ਟੂਰ ਬੱਚਿਆਂ ਨੂੰ ਧਰਮ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਟੂਰ ਕੋਆਰਡੀਨੇਟਰ ਡਾ. ਨਵਿੰਦਰ ਸਿੰਘ ਪੰਧੇਰ ਨੇ ਕਿਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਨਾਲ ਵਿਦਿਆਰਥਣਾਂ ਖਾਲਸੇ ਦੇ ਅਮੀਰ ਇਤਿਹਾਸ ਬਾਰੇ ਜਾਗਰੂਕ ਹੋਈਆਂ ਹਨ। ਸਕੂਲ ਦੀ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਧਰਮਿੰਦਰ ਕੁਮਾਰ ਨੇ ਫਤਿਹਗੜ੍ਹ ਸਾਹਿਬ ਵਿਖੇ ਵਿਦਿਆਰਥਣਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ। ਟੂਰ ਦੇ ਇੰਚਾਰਜ ਮੈਡਮ ਨੀਨਾ ਰਾਣੀ ਅਤੇ ਆਸਥਾ ਸ਼ਰਮਾ ਨੇ ਵਿਦਿਆਰਥਣਾਂ ਦਾ ਸਹੀ ਮਾਰਗਦਰਸ਼ਨ ਕੀਤਾ। ਵਿਦਿਆਰਥਣਾਂ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਵਿਰਾਸਤ-ਏ-ਖਾਲਸਾ ਤੋਂ ਸਾਨੂੰ ਆਪਣੇ ਅਮੀਰ ਵਿਰਸੇ ਦਾ ਪਤਾ ਲੱਗਿਆ ਹੈ। ਕੈਪਸ਼ਨ: ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ।