ਲੰਬੀ : ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਉਨਾਂ ਦੇ ਹਲਕੇ ਵਿਚ ਆ ਕੇ ਵੰਗਾਰਿਆ ਅਤੇ ਸ੍ਰੀ ਬਾਦਲ ਖਿਲਾਫ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ। ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਕੀਤੀ ਗਈ ਇਕ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਪਾਰਟੀ ਪੰਜਾਬ ਵਿਚ ਸੱਤਾ ਹਥਿਆਉਣ ਲਈ ਨਹੀਂ ਆਈ ਸਗੋਂ ਬਾਦਲਾਂ ਨੂੰ ਚੈਲੇਂਜ ਕਰਕੇ ਭਜਾਉਣ ਲਈ ਆਏ ਹਾਂ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਕ ਦੂਜੇ ਨਾਲ ਮਿਲੇ ਹੋਏ ਹਨ ਅਤੇ ਦੋਵਾਂ ਵਾਰੀ ਵਾਰੀ ਰਾਜ ਕਰਦੇ ਨੇ। ਉਨਾਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ ਹਲਕੇ ਵਿਚ ਸੁਖਬੀਰ ਸਿੰਘ ਬਾਦਲ ਖਿਲਾਫ ਸਭ ਤੋਂ ਕਮਜੋਰ ਉਮੀਦਵਾਰ ਖੜਾ ਕੀਤਾ, ਜਿਸਦੀ ਜਮਾਨਤ ਜਬਤ ਹੋ ਗਈ। ਉਨਾਂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਇਕ ਦੂਜੇ ਨੂੰ ਜਿਤਾਉਣ ਲਈ ਇਕ ਦੂਜੇ ਖਿਲਾਫ ਕਮਜੋਰ ਉਮੀਦਵਾਰ ਖੜੇ ਕਰਦੇ ਨੇ, ਜਦਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੇ ਨੇਤਾ ਭਗਵੰਤ ਮਾਨ ਨੂੰ ਸੁਖਬੀਰ ਬਾਦਲ ਖਿਫਾਲ ਖੜਾ ਕੀਤਾ ਹੈ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਸਾਰੇ ਪੰਜਾਬ ਨੂੰ ਨਸੇ ਵਿਚ ਡੁਬੋ ਕੇ ਰੱਖ ਦਿੱਤਾ ਹੈ ਅਤੇ ਅਨੇਕਾਂ ਮਾਵਾਂ ਦੇ ਪੁੱਤ ਖੋਹ ਲਏ ਨੇ। ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਬਚਾਉਣ ਲਈ ਪੂਰੀ ਵਾਹ ਲਾਈ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਮਜੀਠੀਆ ਅਤੇ ਕੈਪਟਨ ਮਿਲ ਕੇ ਨਸੇ ਦਾ ਧੰਦਾ ਚਲਾ ਰਹੇ ਨੇ। ਇਸੇ ਲਈ ਹੀ ਪਿਛਲੀਆਂ ਚੋਣਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਦੇ ਖਿਲਾਫ ਇਨਾ ਕਮਜੋਰ ਉਮੀਦਵਾਰ ਖੜਾ ਕੀਤਾ ਕਿ ਉਸਦੀ ਜਮਾਨਤ ਹੀ ਜਬਤ ਹੋ ਗਈ। ਉਨਾਂ ਨੇ ਐਲਾਨ ਕੀਤਾ ਕਿ ਲੰਬੀ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ ਸਿੰਘ ਬਾਦਲ ਦੇ ਖਿਲਾਫ ਆਮ ਆਦਮੀ ਦਾ ਦਿੱਲੀ ਦਾ ਵਿਧਾਇਕ ਜਰਨੈਲ ਸਿੰਘ ਚੋਣ ਲੜੇਗਾ। ਉਨਾਂ ਨੇ ਕਿਹਾ ਕਿ ਅਸੀਂ ਬਾਦਲਾਂ ਨੂੰ ਭਜਾ ਕੇ ਰਹਾਂਗੇ। ਇਸ ਮੌਕੇ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਨਾਂ ਨੂੰ ਅਸੀਂ ਬਖਸਾਂਗੇ ਨਹੀਂ। ਉਨਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨਸੇ ਨਾਲ ਮਰ ਰਹੇ ਨੇ ਅਤੇ ਕਿਸਾਨ ਖੁਦਕਸੀਆਂ ਕਰ ਰਹੇ ਨੇ। ਉਨਾਂ ਨੇ ਪ੍ਰਕਾਸ ਸਿੰਘ ਬਾਦਲ ਨੂੰ ਖੁੱਲਾ ਚੈਲੇਂਜ ਕੀਤਾ ਕਿ ਉਹ ਜਿਥੇ ਮਰਜੀ ਬਹਿਸ ਕਰ ਲੈਣ ਕਿ ਪੰਜਾਬ ਦਾ ਵਿਕਾਸ ਹੋਇਆ ਹੈ ਜਾਂ ਪੰਜਾਬ ਦਾ ਵਿਨਾਸ ਹੋਇਆ ਹੈ।