best platform for news and views

‘ਆਪ’ ਨੇ ਫਰੀਦਕੋਟ ਕਾਂਡ ਦੀ ਸੀਬੀਆਈ ਜਾਂਚ ਮੰਗੀ

Please Click here for Share This News

ਚੰਡੀਗੜ, 26 ਮਈ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਫਰੀਦਕੋਟ ਪੁਲਿਸ ਦੀ ਹਿਰਾਸਤ ‘ਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਮੰਗਿਆ ਹੈ। ਇਸ ਦੌਰਾਨ ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਕੱਲ ਫਰੀਦਕੋਟ ਜਾਣਗੇ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੀਆਈਏ ਸਟਾਫ਼ ਫਰੀਦਕੋਟ ਵੱਲੋਂ ਲੰਘੀ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਤ ‘ਚ ਹੋਈ ਮੌਤ ਉਪਰੰਤ ਮੌਕੇ ਦੇ ਪੁਲਿਸ ਅਫ਼ਸਰ ਨਰਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਵੱਲੋਂ ਜਸਪਾਲ ਸਿੰਘ ਦੀ ਲਾਸ਼ ਨਹਿਰ ‘ਚ ਸੁੱਟੇ ਜਾਣ ਅਤੇ ਫਿਰ ਨਰਿੰਦਰ ਸਿੰਘ ਵੱਲੋਂ ਵੀ ਸ਼ੱਕੀ ਹਾਲਤਾਂ ‘ਚ ਆਤਮ ਹੱਤਿਆ ਕਰਨਾ ਦਿਲ ਦਹਿਲਾੳੂ ਵਾਰਦਾਤ ਹੈ, ਪਰੰਤੂ ਐਨੀ ਵੱਡੀ ਘਟਨਾ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾ ਰਹੀ ਗੈਰ ਜ਼ਿੰਮੇਵਾਰੀ ਨਾ ਕੇਵਲ ਨਿਖੇਧੀਜਨਕ ਹੈ ਬਲਕਿ ਸ਼ਰਮਨਾਕ ਹੈ।
ਚੀਮਾ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਪਿਛਲੀ ਬਾਦਲ ਸਰਕਾਰ ਵਰਗੀ ਹੀ ਹੈ, ਸਗੋਂ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੁਲਿਸ ਤੰਤਰ ਦਾ ਇੱਕ ਵੱਡਾ ਹਿੱਸਾ ਬੇਕਾਬੂ ਹੈ, ਲੋਕ ਇਨਸਾਫ਼ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ, ਪਰੰਤੂ ‘ਮਹਾਰਾਜਾ’ ਆਪਣੀ ਐਸ਼ ਪ੍ਰਸ਼ਤੀ ‘ਚ ਮਸਤ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਕਾਬਿਲ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਹੈ, ਜੋ ਬੇਕਾਬੂ ਪੁਲਸ ਤੰਤਰ ਨੂੰ ਅਨੁਸ਼ਾਸਨ ‘ਚ ਬੰਨ ਸਕੇ ਅਤੇ ਜਵਾਬਦੇਹ ਬਣਾ ਸਕੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲਸ ਦਾ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਅਤੇ ਬਾਦਲਾਂ ਨੇ ਸਿਆਸੀਕਰਨ ਕਰ ਦਿੱਤਾ ਹੈ। ਨਿੱਜੀ ਅਤੇ ਸਿਆਸੀ ਸਵਾਰਥਾਂ ਲਈ ਪੁਲਿਸ ਪ੍ਰਸ਼ਾਸਨ ‘ਤੇ ਜ਼ਬਰਦਸਤ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਲਈ ਕਾਨੂੰਨ ਨੂੰ ਹੱਥ ‘ਚ ਲੈਣ ਦੀ ‘ਮਾਹਿਰ’ ਹੋਇਆ ਪੁਲਿਸ ਦਾ ਇੱਕ ਵੱਡਾ ਹਿੱਸਾ ਖ਼ੁਦ ਹੀ ਗੈਂਗ ਵਜੋਂ ਕੰਮ ਕਰਨ ਲੱਗ ਪਿਆ ਹੈ, ਫਰੀਦਕੋਟ ਦੀ ਇਹ ਵਾਰਦਾਤ ਇਸੇ ਦਾ ਨਤੀਜਾ ਹੈ। ਇਹੋ ਵਜਾ ਹੈ ਕਿ ਭਿ੍ਰਸ਼ਟਾਚਾਰ ਸ਼ਿਖਰ ‘ਤੇ ਹੈ। ਨਸ਼ੇ ਦੇ ਤਸਕਰਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ।  ਇਨਸਾਫ਼ ਤੋਂ ਦੂਰ ਪੁਲਸ ਅਤੇ ਸਿਆਸੀ ਲੋਕਾਂ ਦੇ ਨਜਾਇਜ਼ ਅਤੇ ਝੂਠੇ ਪਰਚਿਆਂ ਤੋਂ ਭੈਭੀਤ ਸੂਬੇ ਦਾ ਆਮ ਆਦਮੀ ਡਰ ਦੇ ਮਾਹੌਲ ‘ਚ ਦਿਨ-ਕਟੀ ਕਰ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਜਸਪਾਲ ਸਿੰਘ ਦੇ ਪੀੜਤ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ‘ਤੇ ਸਵਾਲ ਖੜੇ ਕੀਤੇ ਕਿ ਫਰੀਦਕੋਟ ‘ਚ ਹੋਈ ਇਸ ਬੇਇਨਸਾਫ਼ੀ ਵਿਰੁੱਧ ਚੱਲ ਰਹੇ ਰੋਸ ਧਰਨੇ ‘ਚ ਸਰਕਾਰ ਦਾ ਨੁਮਾਇੰਦਾ ਤਾਂ ਦੂਰ ਸਗੋਂ ਸਥਾਨਕ ਕਾਂਗਰਸੀ ਲੀਡਰਸ਼ਿਪ ਵੀ ਨਹੀਂ ਜਾ ਰਹੀ, ਉਲਟਾ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ‘ਆਪ’ ਡਟ ਕੇ ਲੋਕਾਂ ਖ਼ਾਸ ਕਰ ਕੇ ਜਸਪਾਲ ਸਿੰਘ ਦੇ ਪਰਿਵਾਰ ਨਾਲ ਖੜੀ ਹੈ। ਚੀਮਾ ਨੇ ਕਿਹਾ ਕਿ ਫਰੀਦਕੋਟ ਪੁਲਸ ਇਸ ਮਾਮਲੇ ਨੂੰ ਟਾਲ-ਮਟੋਲ ਦੀ ਨੀਤੀ ‘ਤੇ ਚੱਲ ਰਹੀ ਹੈ, ਪਰੰਤੂ ਆਮ ਆਦਮੀ ਪਾਰਟੀ ਇਸ ਘੋਰ ਬੇਇਨਸਾਫ਼ੀ ਨੂੰ ਠੰਢੇ ਬਸਤੇ ‘ਚ ਨਹੀਂ ਪੈਣ ਦੇਵੇਗੀ ਅਤੇ ਇਸ ਨੂੰ ਸੜਕਾਂ ਤੋਂ ਵਿਧਾਨ ਸਭਾ ਅਤੇ ਸੰਸਦ ਤੱਕ ਉਠਾਏਗੀ।

Please Click here for Share This News

Leave a Reply

Your email address will not be published. Required fields are marked *