best platform for news and views

‘ਆਪ’ ਦੀ ਸੂਬਾ ਪੱਧਰੀ ਚੋਣ ਮੁਹਿੰਮ ਦਾ 15 ਅਪ੍ਰੈਲ ਤੋਂ ਮਨੀਸ਼ ਸਿਸੋਦੀਆ ਕਰਨਗੇ ਆਗਾਜ਼-ਅਮਨ ਅਰੋੜਾ

Please Click here for Share This News

ਚੰਡੀਗੜ੍ਹ 11 ਅਪ੍ਰੈਲ  2019
ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸੰਗਰੂਰ ਤੋਂ 15 ਅਪ੍ਰੈਲ ਤੋਂ ਸੂਬਾ ਪੱਧਰੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਇਹ ਜਾਣਕਾਰੀ ‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਵੀਰਵਾਰ ਇੱਥੇ ਮੀਡੀਆ ਦੇ ਰੂਬਰੂ ਹੁੰਦਿਆਂ ਦਿੱਤੀ।
ਅਮਨ ਅਰੋੜਾ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਚੋਣ ਪ੍ਰਚਾਰ ਸੰਬੰਧੀ ਪੂਰੀ ਯੋਜਨਾਬੰਦੀ ਬਣਾ ਲਈ ਹੈ। ਇਸ ਤਹਿਤ 15 ਅਪ੍ਰੈਲ ਨੂੰ ਮਨੀਸ਼ ਸਿਸੋਦੀਆ ਸੰਗਰੂਰ ਵਿਚ ਪਾਰਟੀ ਵਰਕਰਾਂ, ਵਲੰਟੀਅਰਾਂ ਦੀ ਬੈਠਕ ਕਰਨਗੇ।
ਇਸ ਦੇ ਨਾਲ ਹੀ ਅਮਨ ਅਰੋੜਾ ਨੇ ਪਾਰਟੀ ਦੀ 5 ਮੈਂਬਰੀ ਸੂਬਾ ਪੱਧਰੀ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਜਿਸ ਵਿੱਚ ਹਰਚੰਦ ਸਿੰਘ ਬਰਸਟ, ਨਵਦੀਪ ਸਿੰਘ ਸੰਘਾ, ਨੀਲ ਗਰਗ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ ਅਤੇ ਅਵਤਾਰ ਸਿੰਘ ਈਲਵਾਲ ਸ਼ਾਮਲ ਹਨ। ਅਮਨ ਅਰੋੜਾ ਨੇ ਦੱਸਿਆ ਕਿ ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਿੱਚ ਜ਼ਰੂਰਤ ਅਨੁਸਾਰ ਇਜ਼ਾਫਾ ਵੀ ਕੀਤਾ ਜਾਂਦਾ ਰਹੇਗਾ ਅਤੇ ਇਹ ਕਮੇਟੀ ਮੈਂਬਰ ਵੱਖ-ਵੱਖ ਹਲਕਿਆਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣਗੇ।
ਅਮਨ ਅਰੋੜਾ ਨੇ ਦੱਸਿਆ ਕਿ ਚੋਣ ਮੁਹਿੰਮ ਕਮੇਟੀ ਦੇ ਮੈਂਬਰ ਪਾਰਟੀ ਉਮੀਦਵਾਰ ਅਤੇ ਬੂਥ ਪੱਧਰ ਦੀਆਂ ਕਮੇਟੀਆਂ ਵਿਚਕਾਰ ਪੁਲ ਦਾ ਕੰਮ ਕਰਨਗੇ। ਅਮਨ ਅਰੋੜਾ ਨੇ ਦੱਸਿਆ ਕਿ ਬਤੌਰ ਚੋਣ ਪ੍ਰਚਾਰ ਕਮੇਟੀ ਚੇਅਰਮੈਨ ਉਹ 16 ਅਪ੍ਰੈਲ ਨੂੰ ਹੁਸ਼ਿਆਰਪੁਰ ਅਤੇ ਜਲੰਧਰ, 17 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲਾ, 18 ਅਪ੍ਰੈਲ ਨੂੰ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਅਤੇ 1 ਅਪ੍ਰੈਲ ਨੂੰ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ ਬੈਠਕਾਂ ਦਾ ਦੌਰਾ ਰਹੇਗਾ।
ਅਮਨ ਅਰੋੜਾ ਨੂੰ ਇਸ ਮੌਕੇ ਭਗਵੰਤ ਮਾਨ ਵੱਲੋਂ ਪੰਜਾਬ ਦੀ ਜਨਤਾ ਦੇ ਨਾਮ ਲਿਖੀ ਗਈ ਚਿੱਠੀ ਅਤੇ ਸ਼ਰਾਬ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਨੇ ਜਨਤਕ ਤੌਰ ਉੱਤੇ ਸ਼ਰਾਬ ਛੱਡ ਕੇ ਅਕਾਲੀ-ਭਾਜਪਾ ਤੇ ਕਾਂਗਰਸੀਆਂ ਵੱਲੋਂ ਇਸ ਨਿੱਜੀ ਮਾਮਲੇ ਨੂੰ ਬੇਵਜ੍ਹਾ ਉਛਾਲੇ ਜਾਣ ਦਾ ਮੁੱਦਾ ਖ਼ਤਮ ਕਰ ਦਿੱਤਾ ਹੈ। ਇਸ ਕਰ ਕੇ ਅੱਜ ਅਜਿਹੇ ਗੈਰ ਮੁੱਦਿਆਂ ਦੀ ਥਾਂ ਚੋਣ ਵਿੱਚ ਖੇਤੀ ਸੰਕਟ ਅਤੇ ਕਿਸਾਨ, ਮਜ਼ਦੂਰ, ਆਤਮ ਹੱਤਿਆਵਾਂ, ਬੇਰੁਜ਼ਗਾਰੀ, ਨਸ਼ੇ, ਨਿੱਘਰ ਚੁੱਕੀ ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਸਮੇਤ ਮਾਫ਼ੀਆ ਰਾਜ ਵਰਗੇ ਬੇਹੱਦ ਅਹਿਮ ਮਸਲਿਆਂ ਨੂੰ ਚੋਣ ਮੁੱਦਾ ਬਣਾਉਣਾ ਜ਼ਰੂਰੀ ਹੈ। ਅਰੋੜਾ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਮੇਤ ਕੋਈ ਵੀ ਵਿਰੋਧੀ ਧਿਰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਤੇ ਮਾਫ਼ੀਆ ਚਲਾਉਣ ਜਾਂ ਭ੍ਰਿਸ਼ਟਾਚਾਰ ਕਰਨ ਦਾ ਇਲਜ਼ਾਮ ਨਹੀਂ ਲਗਾ ਸਕੀ।
ਕਾਂਗਰਸ ਨਾਲ ਸਮਝੌਤੇ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕੋਰ ਕਮੇਟੀ ਨੇ ਪਹਿਲਾਂ ਹੀ ਸਮਝੌਤਾ ਨਾ ਕਰਨ ਬਾਰੇ ਆਪਣੀ ਰਾਏ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤੀ ਸੀ। ਦਿੱਲੀ ਵਿੱਚ ਸਮਝੌਤੇ ਬਾਰੇ ਅਮਨ ਅਰੋੜਾ ਨੇ ਸਪਸ਼ਟ ਕੀਤਾ ਕਿ ਵੈਸੇ ਤਾਂ ਦਿੱਲੀ ਵਿੱਚ ਵੀ ਸਮਝੌਤੇ ਦੀਆਂ ਸੰਭਾਵਨਾਵਾਂ ਖ਼ਤਮ ਹੋ ਚੁੱਕੀਆਂ ਹਨ ਪ੍ਰੰਤੂ ਦੇਸ਼ ਹਿਤ ਲਈ ਕਈ ਵਾਰ ਪਾਰਟੀਆਂ ਨੂੰ ਵੀ ਕੁਰਬਾਨੀਆਂ ਦੇਣੀਆਂ ਪੈ ਜਾਂਦੀਆਂ ਹਨ ਅਤੇ ਅੱਜ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੇਸ ਲਈ ਸਭ ਤੋਂ ਵੱਡਾ ਖ਼ਤਰਾ ਹੈ।
ਅਮਨ ਅਰੋੜਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅੱਜ ਦੀ ਰਾਜਨੀਤੀ ਸ਼ਖ਼ਸੀਅਤ ਉੱਤੇ ਆਧਾਰਿਤ ਰਾਜਨੀਤੀ ਹੈ। ਭਗਵੰਤ ਮਾਨ ਪਾਰਟੀ ਅਤੇ ਲੋਕਾਂ ਦੇ ਸਭ ਤੋਂ ਭਰੋਸੇਯੋਗ ਚਿਹਰੇ ਹੈ। ਜਿਨ੍ਹਾਂ ਨੇ ਆਪਣੇ ਨਾਮ, ਮਿਹਨਤ ਅਤੇ ਕੰਮ ਨਾਲ ਨਾ ਕੇਵਲ ਪਾਰਟੀ ‘ਚ ਦਮ ਭਰਿਆ ਹੈ ਸਗੋਂ ਧੜੱਲੇ ਨਾਲ ਪੰਜਾਬ ਦੇ ਸਾਰੇ ਅਹਿਮ ਮੁੱਦੇ ਸੰਸਦ ਵਿੱਚ ਉਠਾਏ ਹਨ ਅਤੇ ਪੰਜਾਬ ਨੂੰ ਆਪਸੀ ਮਿਲੀਭੁਗਤ ਨਾਲ ਲੁੱਟ ਕੇ ਖਾਣ ਵਾਲਿਆਂ ਨੂੰ ਜਨਤਾ ਦੀ ਕਚਹਿਰੀ ਵਿਚ ਦਲੇਰੀ ਨਾਲ ਭੰਡਿਆ ਹੈ।
ਇਸੇ ਤਰ੍ਹਾਂ ਕੌਮੀ ਪੱਧਰ ਉੱਤੇ ‘ਆਪ’ ਕੋਲ ਅਰਵਿੰਦ ਕੇਜਰੀਵਾਲ ਦੀ ਸਿੱਕੇਬੰਦ ਸ਼ਖ਼ਸੀਅਤ ਹੈ ਜੋ ਦੇਸ਼ ਅਤੇ ਹਰ ਵਰਗ ਦੇ ਚੰਗੇ ਲਈ ਇਰਾਦੇ ਦਾ ਪੱਕਾ ਅਤੇ ਬੇਦਾਗ਼ ਸਖ਼ਸ਼ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਹਰਚੰਦ ਸਿੰਘ ਬਰਸਟ, ਸੂਬਾ ਸਕੱਤਰ  ਜਗਤਾਰ ਸਿੰਘ ਸੰਘੇੜਾ, ਨਵਦੀਪ ਸਿੰਘ ਸੰਘਾ, ਨੀਲ ਗਰਗ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਪ੍ਰਭਜੋਤ ਕੌਰ ਅਤੇ ਸਟੇਟ ਮੀਡੀਆ ਵਿੰਗ ਦੇ ਇੰਚਾਰਜ ਮਨਜੀਤ ਸਿੰਘ ਸਿੱਧੂ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *