ਨਿਰਮਲ ਸਾਧਾਂਵਾਲੀਆ
ਚੰਡੀਗੜ੍ਹ : ਪੰਜਾਬ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾ ਲੜ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹਮੇਸ਼ਾਂ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਤੇ ਇਹੋ ਦੋਸ਼ ਲਾਏ ਜਾਂਦੇ ਹਨ ਕਿ ਇਨ੍ਹਾਂ ਵਲੋਂ ਆਪਣੇ ਕਰੀਬੀਆਂ ਨੂੰ ਹੀ ਆਹੁਦੇ ਬਖਸ਼ੇ ਜਾਂਦੇ ਹਨ ਅਤੇ ਆਮ ਵਰਕਰਾਂ ਦੀ ਕਦਰ ਨਹੀਂ ਕੀਤੀ ਜਾਂਦੀ। ਪਰ ਹੁਣ ਵਿਧਾਨ ਸਭਾ ਚੋਣਾ ਦੀਆਂ ਟਿਕਟਾਂ ਵੰਡਣ ਸਮੇਂ ਖੁਦ ਆਮ ਆਦਮੀ ਪਾਰਟੀ ਨੇ ਆਪਣੇ ਅਸੂਲਾਂ ਦੇ ਖਿਲਾਫ ਇਕ ਤਿਹਾਈ ਟਿਕਟਾਂ ਪੁਰਾਣੇ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਹੀ ਦੇ ਦਿੱਤੀਆਂ। ਇਹ ਵੀ ਨਹੀਂ ਕਿ ਇਹ ਟਿਕਟਾਂ ਲੈਣ ਵਾਲੇ ਕੋਈ ਅਕਾਲੀ ਦਲ ਜਾਂ ਕਾਂਗਰਸ ਦੇ ਆਮ ਵਰਕਰ ਸਨ, ਜਿਸ ਬਾਰੇ ਆਮ ਆਦਮੀ ਪਾਰਟੀ ਕਹਿ ਸਕਦੀ ਕਿ ਅਸੀਂ ਤਾਂ ਆਮ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਹਨ, ਸਗੋਂ ਇਹ ਤਾਂ ਅਕਾਲੀ ਦਲ ਅਤੇ ਕਾਂਗਰਸ ਵਿਚ ਵੀ ਉੱਚ ਆਹੁਦਿਆਂ ਦਾ ਆਨੰਦ ਮਾਣਦੇ ਰਹੇ ਹਨ ਅਤੇ ਇਸ ਵਾਰ ਕਿਸੇ ਗੱਲੋਂ ਨਿਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿਚ ਆ ਗਏ ਹਨ। ਅਜਿਹੇ ਆਗੂਆਂ ਨੂੰ ਆਉੱਦਿਆਂ ਹੀ ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਵਿਚ 16 ਆਗੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ 11 ਅਕਾਲੀ ਦਲ ਛੱਡ ਕੇ ਆਪ ਵਿਚ ਆਏ ਹਨ। ਇਸ ਤੋਂ ਇਲਾਵਾ 3 ਅਜਿਹੇ ਉਮੀਦਵਾਰ ਹਨ ਜੋ ਭਾਰਤੀ ਜਨਤਾ ਪਾਰਟੀ ਵਿਚੋਂ ਨਿਰਾਜ ਹੋ ਕੇ ਆਪ ਵਿਚ ਸ਼ਾਮਲ ਹੋੲੇ ਸਨ। ਦੂਜੇ ਪਾਸੇ ਅਕਾਲੀ ਦਲ ਬਾਦਲ ਵਲੋਂ ਐਲਾਨੇ ਗਏ ਕੁੱਲ ਉਮੀਦਵਾਰਾਂ ਵਿਚੋਂ 7 ਅਜਿਹੇ ਉਮੀਦਵਾਰ ਹਨ ਜੋ ਕਾਂਗਰਸ ਅਤੇ ਹੋਰ ਪਾਰਟੀਆਂ ਵਿਚੋਂ ਆਏ ਹਨ। ਇਨ੍ਹਾਂ ਹਾਲਾਤਾਂ ਵਿਚ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਜੋ ਪ੍ਰਚਾਰ ਕੀਤਾ ਗਿਆ ਸੀ ਕਿ ਆਮ ਵਰਕਰਾਂ ਵਿਚੋਂ ਇਮਾਨਦਾਰ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਹੁਣ ਇਸ ਨੀਤੀ ‘ਤੇ ਸਵਾਲੀਆ ਚਿੰਨ ਲੱਗ ਗਿਆ ਹੈ ਅਤੇ ਪਾਰਟੀ ਦੇ ਆਮ ਵਰਕਰਾਂ ਦੀਆਂ ਆਸਾਂ ਧੁੰਦਲੀਆਂ ਹੋ ਗਈਆਂ ਹਨ।