
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ’ਤੇ ਗੰਭੀਰ ਦੋਸ਼ ਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਾਪਸ ਲੈ ਲਈ ਹੈ। ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਫ਼ੈਸਲੇ ਮੁਤਾਬਕ ਹੀ ਸ੍ਰੀ ਅਰੋੜਾ ਖ਼ਿਲਾਫ਼ ਸ਼ਿਕਾਇਤ ਵਾਪਸ ਲਈ ਗਈ ਹੈ। ਯਾਦ ਰਹੇ ਕਿ ‘ਆਪ’ ਨੇ ਡੀਜੀਪੀ ’ਤੇ ਗੰਭੀਰ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਭੁਗਤਣ ਦੀ ਗੱਲ ਕਹੀ ਸੀ ਤੇ ਚੋਣ ਕਮਿਸ਼ਨ ਕੋੋਲੋਂ ਡੀਜੀਪੀ ਦਾ ਤੁਰੰਤ ਤਬਾਦਲਾ ਮੰਗਿਆ ਸੀ। ਉਂਜ ‘ਆਪ’ ਦੇ ਇਸ ਫ਼ੈਸਲੇ ਨਾਲ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ’ਚ ਹੈਰਾਨੀ ਪਾਈ ਜਾ ਰਹੀ ਹੈ। ‘ਆਪ’ ਵੱਲੋਂ ਕੀਤੀ ਸ਼ਿਕਾਇਤ ਵਿੱਚ ਸ੍ਰੀ ਅਰੋੜਾ ’ਤੇ ਤਿੱਖਾ ਨਿਸ਼ਾਨਾ ਸੇਧਿਆ ਗਿਆ ਸੀ। ਪਾਰਟੀ ਵੱਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਨਾਲ ਸਬੰਧਤ ਬਹੁਗਿਣਤੀ ‘ਖ਼ੁਫੀਆ ਸਿਪਾਹੀ’ ਭਰਤੀ ਕਰਨ, ਬਰਗਾੜੀ ਕਾਂਡ ਦੇ ਕਥਿਤ ਦੋਸ਼ੀ ਪੁਲੀਸ ਅਫ਼ਸਰਾਂ ਦੀ ਮਦਦ ਕਰਨ ਅਤੇ ਹੋਰ ਵੀ ਕਈ ਗੰਭੀਰ ਦੋਸ਼ ਲਾਏ ਗਏ ਸਨ। ਸੂਤਰਾਂ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਡੀਐਸਪੀ ਪੱਧਰ ਦੇ ਪੁਲੀਸ ਅਧਿਕਾਰੀ ਨੇ ‘ਆਪ’ ਆਗੂਆਂ ਦੇ ਮਨ ਵਿਚਲੀਆਂ ਗ਼ਲਤਫ਼ਹਿਮੀਆਂ ਦੂਰ ਕੀਤੀਆਂ, ਜਿਸ ਤੋਂ ਬਾਅਦ ਸ਼ਿਕਾਇਤ ਵਾਪਸ ਹੋ ਗਈ।
(we are thankful to punjabi tribune for published this item)