ਰਾਜਨ ਮਾਨ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਪ ਦਾ ਮੁੱਖ ਮੰਤਰੀ ਆਪਣੀ ਪਤਨੀ ਪ੍ਰਤੀ ਵਫਾਦਾਰ ਹੋਵੇਗਾ ਤੇ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੋਣਗੇ ।ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਉਨਾਂ ਦਾ ਉਮੀਦਵਾਰ ਸਾਫ-ਸੁਥਰੇ ਅਕਸ ਵਾਲਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਹੋਇਆ ਉਨਾਂ ਕਿਹਾ ਕਿ ਉਹ ਕੈਪਟਨ ਸਾਹਿਬ ਤੋਂ ਉਲਟ ਸਵੇਰੇ 5 ਵਜੇ ਉਠ ਕੇ ਰਾਤ 10 ਵਜੇ ਤੱਕ ਲੋਕਾਂ ਵਿੱਚ ਵਿਚਰਿਆ ਕਰੇਗਾ। ਚੁਟਕੀ ਲੈਂਦਿਆਂ ਉਨਾਂ ਕਿਹਾ ਕਿ ਆਪ ਦੇ ਮੁੱਖ ਮੰਤਰੀ ਦੇ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੋਣਗੇ ਅਤੇ ਉਹ ਆਪਣੀ ਪਤਨੀ ਪ੍ਰਤੀ ਵਫਾਦਾਰ ਹੋਵੇਗਾ। ਉਨਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਵਾਂਗ ਸਵਿਸ ਬੈਂਕ ਵਿੱਚ ਕੋਈ ਖਾਤਾ ਨਹੀਂ ਹੋਵੇਗਾ, ਬਲਕਿ ਉਸਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਵਿੱਚ ਹੋਵੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਹਮਲਾ ਬੋਲਦਿਆਂ ਉਨਾਂ ਦੁਆਰਾ ਪੰਜਾਬ ਵਿੱਚ ਰੇਤਾ-ਬਜਰੀ ਅਤੇ ਟ੍ਰਾਂਸਪੋਰਟ ਉਤੇ ਕਬਜਾ ਕਰਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਦਾ ਅਜਿਹੇ ਨਜਾਇਜ ਧੰਦਿਆਂ ਨਾਲ ਕੋਈ ਵਾਸਤਾ ਨਹੀਂ ਹੋਵੇਗਾ।