
ਚੰਡੀਗੜ੍ਹ : ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਸੀਨੀਅਰ ਏ.ਆਈ.ਸੀ.ਸੀ ਬੁਲਾਰਾ ਸ਼ਕੀਲ ਅਹਿਮਦ ਨੇ ਮੰਗਲਵਾਰ ਨੂੰ ਕਾਂਗਰਸ ਦੇ ਮੁਕਾਬਲੇ ‘ਚ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਹੋਣ ਦੀ ਗੱਲ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ, ਕਿਹਾ ਕਿ ਦੋਵੇਂ ਪਾਰਟੀਆਂ ਦੂਜੇ ਤੇ ਤੀਜ਼ੇ ਸਥਾਨ ਲਈ ਇਕ ਦੂਜੇ ਖਿਲਾਫ ਲੜ ਰਹੀਆਂ ਹਨ ਅਤੇ ਪੰਜਾਬ ਦੀਆਂ ਚੋਣਾਂ ‘ਚ ਕਾਂਗਰਸ ਸਪੱਸ਼ਟ ਜਿੱਤ ਦਰਜ਼ ਕਰੇਗੀ।
ਸ਼ਕੀਲ ਅਹਿਮਦ ਨੇ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਕੇਜਰੀਵਾਲ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ‘ਚੋਂ ਕਿਸੇ ‘ਤੇ ਭਰੋਸਾ ਨਹੀਂ ਕਰਦੇ ਹਨ ਅਤੇ ਉਹ ਅਕਾਲੀਆਂ ‘ਤੇ ਉਨ੍ਹਾਂ ਦੱਸ ਸਾਲਾਂ ਦੇ ਕੁਸ਼ਾਸਨ ਤੋਂ ਬਾਅਦ ਭਰੋਸਾ ਨਹੀਂ ਕਰਨਗੇ।
ਪੰਜਾਬ ਕਾਂਗਰਸ ਦੀ ਹਿਮਾਇਤ ‘ਚ ਪ੍ਰਚਾਰ ਲਈ ਪਹੁੰਚੇ ਸ਼ਕੀਲ ਅਹਿਮਦ ਨੇ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ‘ਚ ਆਪ ਸਮੇਤ ਦੋਨਾਂ ਭਾਜਪਾ-ਸ੍ਰੋਅਦ ਗਠਜੋੜ ਦੀ ਭਰੋਸੇਮੰਦੀ ‘ਤੇ ਵੀ ਸਵਾਲ ਕੀਤਾ।
ਸ਼ਕੀਲ ਅਹਿਮਦ ਨੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਤੇ ਦਿੱਲੀ ਬੀਤੀਆਂ ਚੋਣਾਂ ‘ਚ ਪ੍ਰਯੋਗ ਕਰ ਚੁੱਕੇ ਹਨ, ਜਿਨ੍ਹਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ ਤੇ ਉਸ ਪ੍ਰਯੋਗ ਦਾ ਨਤੀਜ਼ਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਸਾਫ ਸੁਥਰਾ ਸ਼ਹਿਰ ਦਿੱਲੀ, ਅੱਜ ਕੂੜੇ ਦਾ ਸ਼ਹਿਰ ਬਣ ਚੁੱਕਾ ਹੈ। ਉਨ੍ਹਾਂ ਨੇ ਕੇਜਰੀਵਾਲ ਉਪਰ ਸਰਕਾਰ ਵਿਰੋਧੀ ਹੋਣ ਦਾ ਫਾਇਦਾ ਚੁੱਕਦਿਆਂ ਸਿਰਫ ਭਾਜਪਾ ਸ਼ਾਸਤ ਸੂਬਿਆਂ ‘ਚ ਚੋਣ ਲੜਨ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੇ ਨਜ਼ਦੀਕੀ ਸਾਥੀਆਂ ਦਾ ਪੰਜਾਬ ‘ਚ ਨਸ਼ੇ ਦੇ ਵਪਾਰ ‘ਚ ਨਾਂਮ ਆਇਆ ਹੈ, ਜਦਕਿ ਆਪ ਦੀ ਭਰੋਸੇਮੰਦੀ ਦਾ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦਿੱਲੀ ਨਗਰ ਨਿਗਮ ਅੰਦਰ 11 ‘ਚੋਂ 8 ਸੀਟਾਂ ਖੋਹ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਦੱਸ ਸਾਲ ਪਿੱਛੇ ਧਕੇਲ ਦਿੱਤਾ ਹੈ ਤੇ ਇਥੇ ਲੋਕ ਨੌਕਰੀਆਂ, ਬਿਜ਼ਲੀ ਸਮੇਤ ਹਰ ਮਾਮਲੇ ‘ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਤੇ ਉਦਯੋਗਿਕ ਢਾਂਚਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਢਹਿ ਚੁੱਕਾ ਸੀ ਅਤੇ ਨੋਟਬੰਦੀ ਨੇ ਲੋਕਾਂ ਦਾ ਲੱਕ ਹੀ ਤੋੜ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਅੱਜ ਨਸ਼ਾਖੋਰੀ, ਕਿਸਾਨਾਂ ਦੀ ਤਰਸਯੋਗ ਹਾਲਤ, ਬੇਰੁਜ਼ਗਾਰੀ ਤੇ ਅੱਤ ਦਾ ਬਰਾਬਰ ਰੂਪ ਬਣ ਚੁੱਕਾ ਹੈ ਤੇ ਸ੍ਰੋਅਦ ਦਾ ਮੈਨਿਫੈਸਟੋ ਵੋਟਰਾਂ ਦੀਆਂ ਅੱਖਾਂ ‘ਚ ਧੂੜ ਪਾਉਣ ਦੀ ਇਕ ਹੋਰ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਮੈਨਿਫੈਸਟੋ ‘ਚ ਹੋਰ ਵਾਅਦੇ ਕੀਤੇ ਜਾਣ ਦੀ ਬਜਾਏ, ਸ੍ਰੋਅਦ ਦੇ ਪਿੱਛਲੇ ਚੋਣ ਮਨੋਰਥ ਪੱਤਰਾਂ ‘ਚ ਕੀਤੇ ਗਏ ਵਾਅਦਿਆਂ ‘ਚੋਂ ਕਿੰਨੇ ਪੂਰੇ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਗੁਨਾਹਾਂ ਦੀ ਜਵਾਬਦੇਹੀ, ਦਾ ਜ਼ਿਕਰ ਹੋਣਾ ਚਾਹੀਦਾ ਸੀ। ਪੰਜਾਬ ਦੇ ਲੋਕ ਸ੍ਰੋਅਦ ਭਾਜਪਾ ਗਠਜੋੜ ਉਪਰ ਭਰੋਸਾ ਨਹੀਂ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਮੁੜ ਸੱਤਾ ‘ਚ ਨਹੀਂ ਲਿਆਉਣਗੇ।
ਸ਼ਕੀਲ ਅਹਿਮਦ ਨੇ ਕਿਹਾ ਕਿ ਕੇਂਦਰ ‘ਚ ਭਾਜਪਾ ਦਾ ਸ਼ਾਸਨ ਹੋਣ ਦੇ ਬਾਵਜੂਦ, ਮੋਦੀ ਦੇ ਢਾਈ ਸਾਲਾਂ ਦੇ ਸ਼ਾਸਨ ਦੌਰਾਨ ਭਾਜਪਾ ਸ੍ਰੋਅਦ ਸਰਕਾਰ ਵਾਲਾ ਪੰਜਾਬ ਪੂਰੀ ਤਰ੍ਹਾਂ ਨਾਲ ਖੁੱਡੇ ਲੱਗ ਚੁੱਕਾ ਹੈ। ਜਦਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੌਰਾਨ ਸੂਬੇ ਨੂੰ ਬਹੁਤ ਸਾਰੇ ਵਿਕਾਸ ਫੰਡ ਮਿਲੇ ਸਨ।
ਇਕ ਸਵਾਲ ਦੇ ਜਵਾਬ ‘ਚ ਸ਼ਕੀਲ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੋਵੇਂ ਚੋਣ ਪ੍ਰਚਾਰ ‘ਚ ਹਿੱਸਾ ਲੈਣਗੇ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਜਾਤ ਅਧਾਰਿਤ ਰਾਖਵੇਂਕਰਨ ਖਿਲਾਫ ਆਰ.ਐਸ.ਐਸ ਦੇ ਬਿਆਨ ‘ਤੇ ਵਿਰੋਧ ਦਰਜ਼ ਕੀਤਾ।