ਲੰਬੀ-ਇਕਬਾਲ ਸਿੰਘ ਸ਼ਾਂਤ-
ਹਲਕਾ ਲੰਬੀ ’ਚ ਗ਼ਰੀਬਾਂ ਨੂੰ ਮਕਾਨ ਦੀ ਮੁਰੰਮਤ ਲਈ 15-15 ਹਜ਼ਾਰ ਰੁਪਏ ਦਾ 42 ਕਰੋੜੀ ਗੱਫ਼ਾ ਸੱਤਾ ਪੱਖ ਅਕਾਲੀ ਦਲ ਲਈ ‘ਬੈਕ ਫਾਇਰ’ ਸਾਬਤ ਹੋਣ ਲੱਗਿਆ। ਮੁੱਖ ਮੰਤਰੀ ਦੇ ਅਖ਼ਤਿਆਰੀ ਕੋਟੇ ਵਿੱਚੋਂ ਸੇਮ ਦੇ ਓਹਲੇ ’ਚ ਰੱਜੇ-ਪੁੱਜੇ ਅਤੇ ਚਹੇਤਿਆਂ ਦੇ ਪਰਿਵਾਰਾਂ ਵਿੱਚ 5-5 ਮੈਂਬਰਾਂ ਨੂੰ ਚੈੱਕ ਦਿੱਤੇ ਜਾਣ ਖਿਲਾਫ਼ ਅਸਲ ਲੋੜਵੰਦਾਂ ਵਿੱਚ ਵਿਦਰੋਹ ਦੀ ਚੰਗਿਆੜੀ ਭੜਕ ਉੱਠੀ ਹੈ। 15-15 ਹਜ਼ਾਰ ਦੀ ਸਰਕਾਰੀ ਮਦਦ ’ਚ ਅਣਗੌਲੇ ਲੋੜਵੰਦ ਪਰਿਵਾਰ ਵਿਰੋਧੀ ਪਾਰਟੀਆਂ ਵੱਲ ਰੁੱਖ ਕਰਨ ਲੱਗੇ ਹਨ। ਅਜਿਹੇ ’ਚ 15-15 ਹਜ਼ਾਰ ਰੁਪਏ ਦੇ ਚੈੱਕ ਅਕਾਲੀ ਦਲ ਲਈ ਗਲੇ ਦੀ ਹੱਡੀ ਬਣਨ ਲੱਗੇ ਹਨ। ਇਸ ਨਾਲ ਵਾਂਝੇ ਲੋਕਾਂ ਦਾ ਪ੍ਰਚਾਰ ਅਕਾਲੀ ਦਲ ਦੇ ਕੀਤੇ ਕਰਾਏ ’ਤੇ ਪਾਣੀ ਫੇਰ ਰਿਹਾ ਹੈ।
ਪਿੰਡ ਘੁਮਿਆਰਾ ਵਿਖੇ ਮਕਾਨ ਮੁਰੰਮਤ ਸਕੀਮ ਤੋਂ ਵਾਂਝੇ ਲਗਪਗ 407 ਪਰਿਵਾਰਾਂ ਨੇ ਅਕਾਲੀ ਦਲ ਖਿਲਾਫ਼ ਬਗਾਵਤ ਕਰਦਿਆਂ ਕਾਂਗਰਸ ਆਗੂਆਂ ਨੂੰ ਸੱਦ ਕੇ ਆਪਣੇ ਦੁਖੜੇ ਸੁਣਾਏ ਅਤੇ ਅਮੀਰਾਂ ਨੂੰ ਗੱਫ਼ੇ ਅਤੇ ਗਰੀਬਾਂ ਨੂੰ ਧੱਫ਼ਿਆਂ ਖਿਲਾਫ਼ ਕਾਂਗਰਸ ਦੀ ਹਮਾਇਤ ’ਚ ਡਟਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ’ਚ ਚੋਣ ਮਾਹੌਲ ਨੂੰ ‘ਇਕਪਾਸੜ’ ਕਰਨ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 26 ਹਜ਼ਾਰ ਪਰਿਵਾਰਾਂ ਨੂੰ ਲਗਪਗ 42-43 ਕਰੋੜ ਮਕਾਨ ਮੁਰੰਮਤ ਦੀ ਓਟ ਵਿੱਚ ਵੰਡੇ ਜਾ ਰਹੇ ਹਨ।
ਚੈੱਕ ਮਿਲਣ ਤੋਂ ਵਾਂਝੇ ਲਗਪਗ 407 ਪਰਿਵਾਰਾਂ ਨੇ ਪੰਜਾਬ ਕਾਂਗਰਸ ਦੇ ਸਕੱਤਰ ਰਣਧੀਰ ਸਿੰਘ ਖੁੱਡੀਆਂ ਨੂੰ ਪਿੰਡ ਘੁਮਿਆਰਾ ਸੱਦ ਕੇ ਅਕਾਲੀ ਸਰਕਾਰ ਵੱਲੋਂ ਉਨ੍ਹਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਏ। ਪਿੰਡ ਵਾਸੀਆਂ ਨੇ ਸ੍ਰੀ ਖੁੱਡੀਆਂ ਦੀ ਹਾਜ਼ਰੀ ’ਚ ਜਨਤਕ ਤੌਰ ’ਤੇ ਪੰਚਾਇਤ ਮੈਂਬਰਾਂ ’ਤੇ ਆਪਣੇ ਪਰਿਵਾਰਾਂ ਨੂੰ ਕਈ ਚੈੱਕ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਘੁਮਿਆਰਾ ਪਿੰਡ ’ਚ ਕਾਫ਼ੀ ਸਰਦੇ-ਪੁੱਜਦੇ ਪਰਿਵਾਰ ਵੀ ਮਕਾਨਾਂ ਮੁਰੰਮਤ ਦੀਆਂ ਗਰਾਂਟ ਹਾਸਲ ਕਰ ਗਏ।
ਪੰਜਾਬ ਕਾਂਗਰਸ ਦੇ ਸਕੱਤਰ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਸਰਕਾਰੀ ਪੱਖਪਾਤੀ ਕਾਰਜਪ੍ਰਣਾਲੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਗਰੀਬਾਂ ਨਾਲ ਸਿੱਧੇ ਤੌਰ ’ਤੇ ਧੱਕੇਸ਼ਾਹੀ ਹੈ ਅਤੇ ਮਕਾਨ ਮੁਰੰਮਤ ਦੀ ਸਕੀਮ ਨੂੰ ਆਪਣੇ ਚਹੇਤਿਆਂ ਤੱਕ ਸੀਮਤ ਰੱਖ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਦੇ ਗਰੀਬ ਜਨਤਾ ਨਾਲ ਧਰੋਹ ਕਮਾ ਰਹੇ ਹਨ। ਉਨ੍ਹਾਂ ਬੀ.ਡੀ.ਪੀ.ਓ ਲੰਬੀ ਨਾਲ ਗੱਲਬਾਤ ਕਰਕੇ 15-15 ਹਜ਼ਾਰ ਰੁਪਏ ਦੇ ਚੈੱਕਾਂ ਤੋਂ ਵਾਂਝੇ ਅਸਲ ਲੋੜਵੰਦਾਂ ਨੂੰ ਤੁਰੰਤ ਚੈੱਕ ਦੇਣ ਦੀ ਮੰਗ ਕੀਤੀ। ਸ੍ਰੀ ਖੁੱਡੀਆਂ ਨੇ ਕਿਹਾ ਕਿ ਜੇਕਰ ਵਾਂਝੇ ਲੋਕਾਂ ਨੂੰ ਛੇਤੀ ਜਾਰੀ ਨਾ ਹੋਏ ਕਾਂਗਰਸ ਪਾਰਟੀ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਧਰਨਾ ਤਿੱਖਾ ਸੰਘਰਸ਼ ਵਿੱਢੇਗੀ। ਇਸੇ ਦੌਰਾਨ ਘੁਮਿਆਰਾ ਦੇ ਲਗਪਗ 65 ਹੋਰ ਪਰਿਵਾਰਾਂ ਨੇ ਸੀ.ਪੀ.ਆਈ ਨਾਲ ਰਾਬਤਾ ਕਾਇਮ ਕੀਤਾ ਹੈ। ਇਸੇ ਤਰ੍ਹਾਂ ਲੰਬੀ ਹਲਕੇ ਦੇ ਹੋਰਨਾਂ ਪਿੰਡਾਂ ’ਚ ਚੈੱਕਾਂ ਤੋਂ ਵਾਂਝੇ ਲੋਕਾਂ ਦੀ ਤੜਫਾਹਟ ਉਬਾਲੇ ਲੈ ਰਹੀ ਹੈ ਜਿਨ੍ਹਾਂ ਵੱਲੋਂ ਚੋਣ ਜ਼ਾਬਤੇ ਉਪਰੰਤ ਸੱਤਾ ਪੱਖ ਲਈ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਉਮੀਦ ਹੈ।
ਮਾਮਲੇ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ: ਬੀਡੀਪੀਓ
ਲੰਬੀ ਦੇ ਬੀਡੀਪੀਓ ਬਲਵਿੰਦਰ ਸਿੰਘ ਨੇ ਕਿਹਾ ਕਿ ਘੁਮਿਆਰਾ ’ਚ ਮਕਾਨ ਮੁਰੰਮਤ ਤੋਂ ਵਾਂਝੇ ਲੋਕਾਂ ਬਾਰੇ ਸੂਚਨਾ ਮਿਲੀ ਸੀ ਜਿਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਲੰਬੀ ਹਲਕੇ ਵਿੱਚ ਮਹਿੰਗੀਆਂ ਹੋਈਆਂ ਮਾਰੂਤੀ ਕਾਰਾਂ
15-15 ਹਜ਼ਾਰ ਦੇ ਮਕਾਨ ਮੁਰੰਮਤ ਦੇ ਚੈੱਕ ਲੋੜੀਂਦੀ ਮੱਦਦ ਨਾ ਹੋ ਕੇ ਚੋਣਾਂ ਤੋਂ ਪਹਿਲਾਂ ਵੋਟਰਾਂ ਲਈ ਗਿਫ਼ਟ ਬਣੇ ਹੋਏ ਹਨ। ਪਤਾ ਲੱਗਿਆ ਹੈ ਕਿ ਜੇਕਰ ਪਿਉ ਦਾ ਨਾਂਅ ਚੈੱਕ ਵਾਲੀ ਸੂਚੀ ਪੈ ਜਾਂਦਾ ਹੈ ਤਾਂ ਪੁੱਤ ਗੁੱਸੇ ਜਾਂਦਾ ਹੈ ਕਿ ਬਾਦਲ ਸਾਬ੍ਹ ਨੇ ਉਸ ਲਈ 15 ਹਜ਼ਾਰ ਦਾ ਗਿਫ਼ਟ ਨਹੀਂ ਭੇਜਿਆ। ਜਦੋਂ ਪੁੱਤ ਨੂੰ ਚੈੱਕ ਮਿਲ ਜਾਂਦੈ ਤਾਂ ਫਿਰ ਰੁੱਸਣ ਦੀ ਬੇਬੇ ਦੀ ਵਾਰੀ ਆ ਜਾਂਦੀ ਐ। ਉਂਝ ਪਤਾ ਲੱਗਿਆ ਹੈ ਕਿ 15-15 ਹਜ਼ਾਰ ਦੀਆਂ ਗਰਾਂਟ ਕਰਕੇ ਖੇਤਰ ਵਿੱਚ ਪੁਰਾਣੀਆਂ ਮਾਰੂਤੀ ਕਾਰਾਂ ਮਹਿੰਗੀਆਂ ਹੋ ਗਈਆਂ ਹਨ, ਜਿਨ੍ਹਾਂ ਘਰਾਂ ’ਚ ਕਈ ਚੈੱਕ ਆਏ ਹਨ ਉਹ ਪੁਰਾਣੀ ਕਾਰ ਖਰੀਦਣ ਨੂੰ ਤਰਜੀਹ ਦਿੰਦੇ ਹਨ।
(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)