ਯੂਨੀਵਰਸਿਟੀ
ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭੂਮਿਕਾ ਵਿਸ਼ੇ ’ਤੇ ਵਿਸ਼ੇਸ਼ ਕਨਵੈਨਸ਼ਨ ਕੀਤੀ ਗਈ। ਸਮਾਗਮ ਦੌਰਾਨ ਡਾ. ਅੰਮ੍ਰਿਤਪਾਲ ਕੌਰ (ਡੀਨ, ਅਕਾਦਮਿਕ), ਪ੍ਰਿੰ. ਤਰਸੇਮ ਬਾਹੀਆ (ਸਿੱਖਿਆ ਸ਼ਾਸਤਰੀ), ਡਾ. ਸਤਿਨਾਮ ਸਿੰਘ ਸੰਧੂ (ਡੀਨ, ਭਾਸ਼ਾਵਾਂ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਾਤ ਭਾਸ਼ਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਦਿਨੋ ਦਿਨ ਮਾਤ ਭਾਸ਼ਾ ਪੰਜਾਬੀ ਦਾ ਪੱਧਰ ਗਿਰਾਵਟ ਵੱਲ ਜਾ ਰਿਹਾ ਹੈ, ਇਸ ਨੂੰ ਬਚਾਉਣ ਲਈ ਨੌਜਵਾਨ ਲੇਖਕਾਂ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਅਜੋਕੇ ਨੌਜਵਾਨਾਂ ਦੇ ਸ਼ੌਕ ’ਚੋਂ ਪੰਜਾਬੀ ਸਾਹਿਤ ਲਗਭਗ ਗਾਇਬ ਹੁੰਦਾ ਜਾ ਰਿਹਾ ਹੈ, ਜੋ ਸਾਡੇ ਲਈ ਬਹੁਤ ਹੀ ਮੰਦਭਾਗਾ ਹੈ।
ਇਸ ਮੌਕੇ ਕਿਰਨ ਪਾਹਵਾ ਦੁਆਰਾ ਸੰਪਾਦਿਤ ਸਾਂਝਾ ਕਹਾਣੀ ਸੰਗ੍ਰਹਿ ‘ਜਜ਼ਬਾਤਾਂ ਦੇ ਪਰਦੇ’ ਲੋਕ ਅਰਪਣ ਕੀਤਾ ਗਿਆ। ਕਿਤਾਬ ਬਾਰੇ ਬੋਲਦਿਆਂ ਸੰਪਾਦਕ ਕਿਰਨ ਪਾਹਵਾ ਨੇ ਦੱਸਿਆ ਕਿ ਇਸ ਸਾਂਝੇ ਕਹਾਣੀ ਸੰਗ੍ਰਹਿ ’ਚ 11 ਕਹਾਣੀਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਤ ਭਾਸ਼ਾ ਪੰਜਾਬੀ ਲਈ ਯੋਗਦਾਨ ਪਾਉਣ ਵਿਚ ਨੌਜਵਾਨ ਲੇਖਕਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬ ਦਾ ਰੁਪ ਦੇ ਕੇ ਪਾਠਕਾਂ ਦੀ ਕਚਹਿਰੀ ’ਚ ਭੇਜਿਆ ਜਾਂਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸੇ ਤਰ੍ਹਾਂ ਆਪਣਾ ਯੋਗਦਾਨ ਪੰਜਾਬ ਭਾਸ਼ਾ ਦੇ ਵਿਸਥਾਰ ਲਈ ਪਾਉਂਦੇ ਰਹਿਣਗੇ। ਸਮਾਗਮ ਦੌਰਾਨ ਡਾ. ਗੁਰਸੇਵਕ ਲੰਬੀ ਨੇ ਮੰਚ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਦੇ ਕਈ ਅਹਿਮ ਮੁੱਦਿਆਂ ਤੋਂ ਜਾਣੂੰ ਕਰਵਾਇਆ।
ਇਸ ਮੌਕੇ ਹਾਜ਼ਰ ਵਿਦਵਾਨ ਲੇਖਕਾਂ ’ਚ ਪ੍ਰੋ. ਕ੍ਰਿਪਾਲ ਕਜ਼ਾਕ, ਦਰਸ਼ਨ ਬੁੱਟਰ, ਸ਼ਾਇਰਾ ਸੁਖਵਿੰਦਰ ਅੰਮਿ੍ਰਤ, ਜਸਵੰਤ ਜਫ਼ਰ, ਬਲਵਿੰਦਰ ਗਰੇਵਾਲ, ਹਮੀਰ ਸਿੰਘ, ਚਰਨਜੀਤ ਭੁੱਲਰ, ਪਰਮਜੀਤ ਸਿੰਘ ਪੰਮੀ ਬਾਈ, ਕਰਮਜੀਤ ਅਨਮੋਲ, ਡਾ. ਸੁਖਦੇਵ ਸਿੰਘ ਸਿਰਸਾ, ਪਵਨ ਹਰਚੰਦਪੁਰੀ, ਡਾ. ਸਰਬਜੀਤ ਸਿੰਘ, ਡਾ. ਜੋਗਾ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਨਿਸ਼ਾਨ ਸਿੰਘ ਦਿਓਲ, ਡਾ. ਅਵਨੀਤਪਾਲ ਸਿੰਘ ਦੇ ਨਾਂਅ ਸ਼ਾਮਿਲ ਹਨ। ਅੰਤ ਵਿਚ ਡਾ. ਸੁਰਜੀਤ ਸਿੰਘ (ਮੁਖੀ ਤੇ ਅਧਿਆਪਕ, ਪੰਜਾਬੀ ਵਿਭਾਗ), ਡਾ. ਰਜਿੰਦਰਪਾਲ ਸਿੰਘ ਬਰਾੜ (ਸੰਯੋਜਕ), ਡਾ. ਭੀਮਇੰਦਰ ਸਿੰਘ (ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ) ਵੱਲੋਂ ਸਮਾਗਮ ’ਚ ਪੁੱਜੇ ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ।