ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਰੋਸ ਪ੍ਰਗਟ ਕਰਦਿਆਂ ਪੰਜਾਬ ਵਿਧਾਨ ਸਭਾ ਤੋਂ ਅਸਤੀਫੇ ਦੇਣ ਵਾਲੇ ਕਾਂਗਰਸੀ ਵਿਧਾਇਕ ਇਨ੍ਹਾਂ ਅਸਤੀਫਿਆਂ ਨੂੰ ਅਮਲੀ ਰੂਪ ਦੇਣ ਤੋਂ ਟਾਲ ਮਟੋਲ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਸਾਰੇ ਕਾਂਗਰਸੀ ਵਿਧਾਇਕਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਵਿਰੁੱਧ 11 ਨਵੰਬਰ ਨੂੰ ਵਿਧਾਨ ਸਭਾ ਤੋਂ ਅਸਤੀਫੇ ਦੇ ਦਿੱਤੇ ਗਏ ਸਨ। ਇਸ ਪਿਛੋਂ ਵਿਧਾਨ ਸਭਾ ਦੇ ਸਪੀਕਰ ਵਲੋਂ 20, 21 ਅਤੇ 22 ਦਸੰਬਰ ਨੂੰ ਬੁਲਾਇਆ ਗਿਆ ਸੀ, ਤਾਂ ਜੋ ਅਸਤੀਫੇ ਪ੍ਰਵਾਨ ਕੀਤੇ ਜਾ ਸਕਣ, ਪਰ ਇਸ ਦਿਨ ਕੋਈ ਵੀ ਕਾਂਗਰਸੀ ਵਿਧਾਇਕ ਹਾਜਰ ਨਹੀਂ ਹੋਇਆ ਅਤੇ ਸਪੀਕਰ ਵਲੋਂ 3 ਜਨਵਰੀ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਤਾਂ ਜੋ ਇਨ੍ਹਾਂ ਅਸਤੀਫਿਆਂ ਦੀ ਪੁਸਟੀ ਹੋ ਸਕੇ। ਕੱਲ੍ਹ ਦੀ ਨਿਸਚਤ ਮੀਟਿੰਗ ਤੋਂ ਇਕ ਦਿਨ ਪਹਿਲਾਂ ਅੱਜ ਪੰਜਾਬ ਕਾਂਗਰਸ ਵਿਧਾਨਕਾਰ ਪਾਰਟੀ ਦੇ ਸਕੱਤਰ ਏ.ਸੀ. ਕੌਸਿਕ ਵਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੇ ਪੱਤਰ ਵਿਚ ਸੂਚਿਤ ਕੀਤਾ ਗਿਆ ਹੈ ਕਿ ਕੱਲ੍ਹ ਕਾਂਗਰਸ ਦੇ ਵਿਧਾਇਕ ਹਾਜਰ ਨਹੀਂ ਹੋ ਸਕਦੇ, ਇਸ ਲਈ 10 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ। ਇਸ ਲਈ ਸਪੀਕਰ ਵਲੋਂ ਕੱਲ੍ਹ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਿਕ ਅਗਲੀ ਮੀਟਿੰਗ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਲੋਂ ਕੋਈ ਪੱਤਰ ਆਉਣ ਪਿਛੋਂ ਹੀ ਰੱਖੀ ਜਾਵੇਗੀ। ਇਸ ਤਰਾਂ ਅਸਤੀਫੇ ਦੇ ਕੇ ਰੋਸ ਵਿਖਾਵਾ ਕਰਨ ਵਾਲੀ ਕਾਂਗਰਸ ਪਾਰਟੀ ਇਨ੍ਹਾਂ ਅਸਤੀਫਿਆਂ ਨੂੰ ਅਮਲੀ ਰੂਪ ਦੇਣ ਤੋਂ ਪਾਸਾ ਵੱਟਦਿਆਂ ਟਾਲ ਮਟੋਲ ਕਰ ਰਹੀ ਹੈ।