
ਲੁਧਿਆਣਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜ਼ਰੀਵਾਲ ਨੇ ਨਾਮਧਾਰੀ ਦਰਬਾਰ ਦੇ ਹੈੱਡ ਕੁਆਟਰ ਭੈਣੀ ਸਾਹਿਬ ਵਿਖੇ ਨਾਮਧਾਰੀ ਦਰਬਾਰ ਦੇ ਪ੍ਰਮੁੱਖ ਸਤਿਗੁਰੂ ਉਦੈ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਤੇ ਵਿਚਾਰ ਕੀਤਾ। ਕੇਜਰੀਵਾਲ ਨੇ ਨਾਮਧਾਰੀ ਪ੍ਰਮੁੱਖ ਨੂੰ ਆਪਣਾ ਸਤਿਕਾਰ ਭੇਂਟ ਕਰਦੇ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਸਮਾਪਤ ਕਰਨ ਲਈ ਵਿਚਾਰ ਚਰਚਾ ਕੀਤੀ । ਉਨਾਂ ਨੇ ਪੰਜਾਬ ਅੰਦਰ ਅਮਨ ਕਾਨੰਨ ਦੀ ਮਾੜੀ ਹਾਲਤ ਉਪਰ ਵੀ ਵਿਚਾਰ ਕੀਤਾ ਅਤੇ ਨਾਮਧਾਰੀ ਦਰਬਾਰ ਦੇ ਸਵਰਗੀ ਸਤਿਗੁਰੂ ਜਗਜੀਤ ਸਿੰਘ ਦੀ ਸੁਪਤਨੀ ਮਾਤਾ ਚੰਦ ਕੌਰ ਜੀ ਦੇ ਭੈਣੀ ਸਾਹਿਬ ਵਿਖੇ ਹੋਏ ਕਤਲ ਦੇ ਦੋਸ਼ੀ ਅਜੇ ਤਕ ਗਿ੍ਰਫਤਾਰ ਨਾ ਹੋਣ ਤੇ ਵੀ ਚਿੰਤਾ ਦਾ ਪਗਟਾਵਾ ਕੀਤਾ। ਨਾਮਧਾਰੀ ਪ੍ਰਮੁੱਖ ਨੇ ਉਨਾਂ ਨੂੰ ਆਪਣਾ ਮੁਕੰਮਲ ਅਸ਼ੀਰਵਾਦ ਦਿੱਤਾ ਅਤੇ ਸਮਾਜ ਨੂੰ ਸੁਧਾਰਨ ਲਈ ਚੱਲ ਰਹੀਆਂ ਖਤਰਨਾਕ ਕੁਰੀਤੀਆਂ ਵਿਰੁੱਧ ਸੰਘਰਸ਼ ਦੀ ਸ਼ਲਾਘਾ ਕੀਤੀ। ਇਸ ਸਮੇਂ ਮੌਜੂਦ ਬਹੁਤ ਸਾਰੀਆਂ ਨਾਮਧਾਰੀ ਸੰਗਤਾਂ ਨੇ ਵੀ ਕੇਜਰੀਵਾਲ ਦਾ ਭਰਪੂਰ ਸੁਆਗਤ ਕੀਤਾ। ਇਸ ਸਮੇਂ ਉਨਾਂ ਦੇ ਨਾਲ ਆਪ ਦੇ ਕੌਮੀ ਬੁਲਾਰੇ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਸਾਹਨੇਵਾਲ ਤੋਂ ਆਪ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ, ‘ਆਪ’ ਲੁਧਿਆਣਾ ਜੋਨ ਦੇ ਅਬਜ਼ਰਬਰ ਦਰਸ਼ਨ ਸਿੰਘ ਸ਼ੰਕਰ ਅਤੇ ਪ੍ਰਸ਼ਾਸ਼ਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਵੀ ਹਾਜ਼ਰ ਸਨ ।