ਗੁਰਜੀਤ ਭੁੱਲਰ
ਰਾਮਪੁਰਾ ਫੂਲ (ਬਠਿੰਡਾ) ਚੋਣ ਪ੍ਰਸ਼ਾਸਨ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਹਲਕੇ ਰਾਮਪੁਰਾ ਵਿੱਚ ਅੱਜ ਖੇਡ ਕਿੱਟਾਂ ਵਾਲਾ ਟਰੱਕ ਫੜਿਆ ਹੈ। ਇਨ੍ਹਾਂ ਖੇਡ ਕਿੱਟਾਂ ਉਤੇ ‘ਰਾਜ ਨਹੀਂ ਸੇਵਾ’ ਦੇ ਸਟਿੱਕਰ ਲੱਗੇ ਹੋਏ ਸਨ। ਜਦੋਂ ਇਨ੍ਹਾਂ ਕਿੱਟਾਂ ਨੂੰ ਟਰੱਕ ਵਿੱਚ ਲੋਡ ਕੀਤਾ ਜਾ ਰਿਹਾ ਸੀ ਤਾਂ ਉਦੋਂ ਹੀ ਰੌਲਾ ਪੈ ਗਿਆ। ਖੇਡ ਕਿੱਟਾਂ ਕਿੱਥੇ ਜਾਣੀਆਂ ਸਨ, ਇਸ ਦਾ ਹਾਲੇ ਭੇਤ ਬਣਿਆ ਹੋਇਆ ਹੈ। ਚੋਣ ਅਫ਼ਸਰਾਂ ਨੇ ਟਰੱਕ ਵਿਚਲਾ ਸਾਰਾ ਸਾਮਾਨ ਜ਼ਬਤ ਕਰ ਲਿਆ ਹੈ ਅਤੇ ਟਰੱਕ ਥਾਣੇ ਬੰਦ ਕਰ ਦਿੱਤਾ ਹੈ। ਰਿਟਰਨਿੰਗ ਅਫ਼ਸਰ ਨੇ ਮਾਮਲੇ ਦੀ ਪੜਤਾਲ ਪੁਲੀਸ ਨੂੰ ਸੌਂਪ ਦਿੱਤੀ ਹੈ।
ਚਸ਼ਮਦੀਦ ‘ਆਪ’ ਆਗੂ ਰਾਕੇਸ਼ ਗਰਗ ਨੇ ਦੱਸਿਆ ਕਿ ਜਦੋਂ ਉਸ ਨੇ ਟਰੱਕ ਵਿੱਚ ਰਾਮਪੁਰਾ ਦੇ ਪੈਂਥਰਜ਼ ਤੇ ਲਾਇਨਜ਼ ਕਲੱਬ ਵਿੱਚੋਂ ਖੇਡ ਕਿੱਟਾਂ ਲੋਡ ਹੁੰਦੀਆਂ ਦੇਖੀਆਂ ਤਾਂ ਉਸ ਨੇ ਚੋਣ ਪ੍ਰਸ਼ਾਸਨ ਨੂੰ ਸੂਚਨਾ ਭੇਜ ਦਿੱਤੀ। ਮੌਕੇ ਉਤੇ ‘ਆਪ’ ਵਾਲੰਟੀਅਰ ਅਤੇ ਕਾਂਗਰਸੀ ਵਰਕਰ ਇਕੱਠੇ ਹੋ ਗਏ, ਜਿਨ੍ਹਾਂ ਟਰੱਕ ਘੇਰ ਲਿਆ। ਰਿਟਰਨਿੰਗ ਅਫਸਰ ਰਾਮਪੁਰਾ ਨੇ ਮੌਕੇ ’ਤੇ ਉਡਣ ਦਸਤੇ ਤੇ ਪੁਲੀਸ ਭੇਜ ਦਿੱਤੀ, ਜਿਨ੍ਹਾਂ ਪੈਂਥਰਜ਼ ਕਲੱਬ ਤੇ ਲਾਇਨਜ਼ ਕਲੱਬ ਦੀ ਤਲਾਸ਼ੀ ਲਈ। ਲਾਇਨਜ਼ ਕਲੱਬ ਦੇ ਇਕ ਕਮਰੇ ਵਿੱਚ ਜਿਮ ਦਾ ਸਾਮਾਨ ਪਿਆ ਹੈ। ਪਤਾ ਲੱਗਿਆ ਹੈ ਕਿ ਮੌਕੇ ’ਤੇ ਡਰਾਈਵਰ ਟਰੱਕ ਛੱਡ ਕੇ ਦੌੜ ਗਿਆ। ਉਡਣ ਦਸਤੇ ਨੇ ਇਸ ਮੌਕੇ ਪੈਂਥਰਜ਼ ਕਲੱਬ ਵਿੱਚੋਂ 20 ਬੋਤਲਾਂ ਸ਼ਰਾਬ (19 ਅੰਗਰੇਜ਼ੀ ਤੇ ਇੱਕ ਦੇਸੀ) ਵੀ ਬਰਾਮਦ ਕੀਤੀ ਹੈ।
ਕਰ ਤੇ ਆਬਕਾਰੀ ਅਫਸਰ ਵਿਕਰਮ ਠਾਕੁਰ ਨੇ ਦੱਸਿਆ ਕਿ ਕਲੱਬ ਕੋਲ ਸ਼ਰਾਬ ਰੱਖਣ ਦਾ ਕੋਈ ਲਾਇਸੈਂਸ ਜਾਂ ਪਰਮਿਟ ਨਹੀਂ ਸੀ, ਜਿਸ ਕਰ ਕੇ ਕਲੱਬ ਪ੍ਰਧਾਨ ਸੁਭਾਸ਼ ਮੰਗਲਾ ਵਿਰੁੱਧ ਆਬਕਾਰੀ ਐਕਟ ਦੀ ਧਾਰਾ 61 ਤਹਿਤ ਰਾਮਪੁਰਾ ਥਾਣੇ ਵਿੱਚ ਕੇਸ ਦਰਜ ਕਰਾਇਆ ਗਿਆ ਹੈ। ਮੰਤਰੀ ਮਲੂਕਾ ਦੇ ਨੇੜਲੇ ਇਸ ਕਲੱਬ ਦੇ ਚੇਅਰਮੈਨ ਅਕਾਲੀ ਨੇਤਾ ਸੁਨੀਲ ਬਿੱਟਾ ਦਾ ਕਹਿਣਾ ਹੈ ਕਿ ਸ਼ਹਿਰ ਵਿੱਚੋਂ ਸਾਰੇ ਆਗੂ ਅੱਜ ਸ੍ਰੀ ਮਲੂਕਾ ਨਾਲ ਅੰਮ੍ਰਿਤਸਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਗੈਰਮੌਜੂਦਗੀ ਦਾ ਫਾਇਦਾ ਉਠਾ ਕੇ ਵਿਰੋਧੀ ਧਿਰਾਂ ਨੇ ਸਾਜ਼ਿਸ਼ ਕਰ ਕੇ ਕਲੱਬ ਵਿੱਚ ਸ਼ਰਾਬ ਰੱਖ ਦਿੱਤੀ, ਜਿਸ ਨਾਲ ਕਲੱਬ ਦਾ ਕੋਈ ਵਾਹ-ਵਾਸਤਾ ਨਹੀਂ ਹੈ।
ਰਾਮਪੁਰਾ ਤੋਂ ‘ਆਪ’ ਉਮੀਦਵਾਰ ਮਨਜੀਤ ਬਿੱਟੀ ਦਾ ਕਹਿਣਾ ਹੈ ਕਿ ਚੋਣ ਜ਼ਾਬਤੇ ਦੇ ਬਾਵਜੂਦ ਅਕਾਲੀ ਆਗੂਆਂ ਵੱਲੋਂ ਇਹ ਖੇਡ ਕਿੱਟਾਂ ਪਿੰਡਾਂ ਵਿੱਚ ਵੰਡੀਆਂ ਜਾਣੀਆਂ ਸਨ। ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਫੌਰੀ ਕਾਰਵਾਈ ਕਰੇ ਕਿਉਂਕਿ ਵੋਟਰਾਂ ਨੂੰ ਭਰਮਾਉਣ ਖਾਤਰ ਹਾਕਮ ਧਿਰ ਹੋਰ ਵੀ ਵੰਡ ਵੰਡਾਰਾ ਕਰੇਗੀ। ਲਾਇਨਜ਼ ਕਲੱਬ ਰਾਮਪੁਰਾ ਦੇ ਪ੍ਰਧਾਨ ਤੇ ਅਕਾਲੀ ਕੌਂਸਲਰ ਮਨਦੀਪ ਕਰਕਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੀਬ 20 ਖੇਡ ਕਿੱਟਾਂ ਅਤੇ ਜਿਮ ਦਾ ਸਾਮਾਨ ਦੋ ਮਹੀਨੇ ਪਹਿਲਾਂ ਕਲੱਬ ਨੂੰ ਮਿਲਿਆ ਸੀ ਪਰ ਹੁਣ ਕਲੱਬ ਵਿੱਚ 14 ਜਨਵਰੀ ਦਾ ਸਮਾਗਮ ਹੋਣ ਕਰ ਕੇ ਇਨ੍ਹਾਂ ਕਿੱਟਾਂ ਨੂੰ ਬਾਈਪਾਸ ’ਤੇ ਗੁਦਾਮ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ। ਉਨ੍ਹਾਂ ਆਖਿਆ ਕਿ ਵੋਟਰਾਂ ਨੂੰ ਕਿੱਟਾਂ ਵੰਡਣ ਦੀ ਕੋਈ ਗੱਲ ਨਹੀਂ ਹੈ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣਾ ਸੀ ਕਿ ਉਹ 24 ਘੰਟਿਆਂ ਵਿੱਚ ਮਾਮਲੇ ਦੀ ਪੜਤਾਲ ਮਗਰੋਂ ਰਿਪੋਰਟ ਚੋਣ ਕਮਿਸ਼ਨ ਨੂੰ ਭੇਜਣਗੇ। ਹਲਕੇ ਦੇ ਰਿਟਰਨਿੰਗ ਅਫ਼ਸਰ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੇ ਇਕ ਕਲੱਬ ਵਿੱਚੋਂ ਖੇਡ ਕਿੱਟਾਂ ਲੋਡ ਕਰਨ ਦੀ ਸ਼ਿਕਾਇਤ ਮਿਲਣ ਮਗਰੋਂ ਉਡਣ ਦਸਤੇ ਭੇਜੇ ਗਏ ਸਨ, ਜਿਨ੍ਹਾਂ ਸਾਮਾਨ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਵਾਸਤੇ ਡੀਐਸਪੀ ਫੂਲ ਨੂੰ ਲਿਖ ਦਿੱਤਾ ਹੈ।
ਸਿਕੰਦਰ ਸਿੰਘ ਮਲੂਕਾ ਦੇ ਹਲਕੇ ਵਿਚੋਂ ਜਬਤ ਕੀਤਾ ਗਿਆ ਖੇਡ ਕਿੱਟਾਂ ਦਾ ਭਰਿਆ ਟਰੱਕ
(we are thankful to punjabi tribune)