ਫਰੀਦਕੋਟ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਨੇ ਪੰਜਾਬ ਦੇ ਖਜਾਨੇ ਨੂੰ ਰੱਜ ਕੇ ਲੁੱਟਿਆ ਅਤੇ ਪੰਜਾਬ ਦੀ ਸਨਅਤ ਤਬਾਹ ਕਰ ਕੇ ਰੱਖ ਦਿੱਤੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਖੁਦਕੁਸੀਆਂ ਕਰ ਰਹੇ ਨੇ ਤੇ ਪੰਜਾਬ ਵਿਚੋਂ ਸਾਰੀਆਂ ਸਨਅਤਾਂ ਹੋਰ ਰਾਜਾਂ ਵਿਚ ਚਲੀਆਂ ਗਈਆਂ ਹਨ। ਅੱਜ ਇਥੇ ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪਾਰਟੀ ਵਲੋਂ ਦਿੱਲੀ ਵਿਚ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਇਆ।
ਅੱਜ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿੱਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸੂਬਾ ਆਗੂ ਸੰਜੇ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ। ਜਿਸ ਵਿੱਚ ਫਰੀਦਕੋਟ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇਗਾ ਅਤੇ ਮਾਫ਼ੀਆ ਰਾਜ ਨੂੰ ਖਤਮ ਕਰਕੇ ਰੇਤਾ, ਬੱਜਰੀ ਅਤੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਨੌਜਵਾਨਾਂ ਦੇ ਹੱਥ ਸੌਂਪਿਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਰਲ਼ ਕੇ ‘ਆਪ’ ਖਿਲਾਫ਼ ਚੋਣ ਲੜ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਅਕਾਲੀਆਂ ਤੇ ਕਾਂਗਰਸੀਆਂ ਦੀ ਸਾਂਝ ਤੋਂ ਲੋਕ ਜਾਣੂ ਹੋ ਚੁੱਕੇ ਹਨ ਅਤੇ ਇਸ ਵਾਰ ਲੋਕ ਇਹਨਾਂ ਦੋਹਾਂ ਪਾਰਟੀਆਂ ਨੂੰ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ‘ਆਪ’ ਦੇ ਸਾਂਸਦ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ‘ਤੇ ਚੋਣ ਲੜ ਰਹੀ ਹੈ। ਉਹਨਾਂ ਕਿਹਾ ਕਿ ਜੋ ਪਾਰਟੀ ਚੋਣਾਂ ਦੌਰਾਨ ਵਾਅਦੇ ਕਰੇਗੀ, ਉਹ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ। ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ‘ਆਪ’ ਦੀ ਸਰਕਾਰ ਆਉਣ ‘ਤੇ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਦੋਸ਼ ਲਾਇਆ ਕਿ ਹਾਕਮ ਧਿਰ ਸਾਂਸਦ ਦੇ ਕੋਟੇ ਵਿੱਚ ਆਈਆਂ ਗਰਾਂਟਾਂ ਨੂੰ ਹਲਕੇ ਵਿੱਚ ਨਹੀਂ ਖਰਚ ਰਹੀ। ਇਸ ਰੈਲੀ ਨੂੰ ‘ਆਪ’ ਦੇ ਆਗੂ ਮਾਸਟਰ ਮੱਖਣ ਸਿੰਘ, ਸ਼ਵਿੰਦਰਪਾਲ ਸਿੰਘ ਸੰਧੂ, ਕਾਲਾ ਮੁਹੰਮਦ, ਅਮਨ ਵੜਿੰਗ, ਬੇਅੰਤ ਕੌਰ, ਗੁਰਤੇਜ ਸਿੰਘ ਖੋਸਾ ਅਤੇ ਸਨਕਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਸ਼ਹਿਰ ‘ਚ ਰੋਡ ਸ਼ੋਅ ਦੌਰਾਨ ‘ਆਪ’ ਉਮੀਦਵਾਰ ਗੁਰਦਿੱਤ ਸੇਖੋਂ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ।