ਨਿਰਮਲ ਸਾਧਾਂਵਾਲੀਆ
ਚੰਡੀਗੜ੍ਹ : ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ਚੋਣਾ ਲਈ ਚੱਲ ਰਹੀ ਜੋਰ ਅਜਮਾਈ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੀਨੀਅਰ ਨੇਤਾ ਰੁੱਝੇ ਹੋਏ ਨੇ। ਹਰ ਇਕ ਲਈ ਚੋਣਾ ਜਿੱਤਣਾ ਸਿਰ ਧੜ ਦੀ ਬਾਜੀ ਵਾਲਾ ਕੰਮ ਬਣਿਆ ਹੋਇਆ ਹੈ। ਪਰ ਇਸ ਵੇਲੇ ਕਾਂਗਰਸ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਰੁਝੇਵੇਂ ਇਕ ਦੂਜੇ ਤੋਂ ਵੱਖਰੇ ਨਜ਼ਰ ਆ ਰਹੇ ਨੇ। ਇਕ ਪਾਸੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਾਰੇ ਸੀਨੀਅਰ ਆਗੂਆਂ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੀ ਸਰਕਾਰ ਕਾਇਮ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਆਪਣੇ ਕਰੀਬੀਆਂ ਨੂੰ ਟਿਕਟਾਂ ਦਿਵਾ ਕੇ ਚੋਣਾ ਲੜਾਉਣ ਲਈ ਜੋਰ ਅਜਮਾਈ ਕਰ ਰਹੇ ਹਨ। ਵਰਨਣਯੋਗ ਹੈ ਕਿ ਕਾਂਗਰਸ ਦੇ 117 ਵਿਚੋਂ 39 ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਅਜੇ ਬਾਕੀ ਹੈ ਅਤੇ ਅੱਜ ਆਖਰੀ ਸੂਚੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪਰ ਅਜੇ ਤੱਕ ਜਿਥੇ ਅਕਾਲੀ ਆਗੂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਾਹ ਲਗਾ ਰਹੇ ਨੇ, ਉਥੇ ਕਾਂਗਰਸੀ ਆਗੂ ਆਪਣੇ ਕਰੀਬੀਆਂ ਨੂੰ ਚੋਣਾ ਲੜਾਉਣ ਵਾਸਤੇ ਦਿੱਲੀ ਬੈਠੇ ਜੋਰ ਅਜਮਾਈ ਕਰ ਰਹੇ ਹਨ।