best platform for news and views

ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਮਿਲ ਕੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ ਟ੍ਰਾਂਸਪੋਰਟ ਮਾਫੀਆ

Please Click here for Share This News

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਵਧਾਏ ਜਾਣ ਨੂੰ ਅਡੰਬਰ ਦੱਸਿਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਦੀ ਤਰਜ ਉਤੇ ਪੈਟ੍ਰੋਲ ਅਤੇ ਐਲਪੀਜੀ ਦੀਆਂ ਕੀਮਤਾਂ ਘੱਟ ਕਰਨ ਅਤੇ ਬਿਜਲੀ ਦੀਆਂ ਦਰਾਂ 10 ਫੀਸਦੀ ਘਟਾਉਣ ਦਾ ਐਲਾਨ ਗੁਮਰਾਹ ਕਰਨ ਵਾਲਾ ਅਤੇ ਅਰਥਹੀਣ ਹੈ।  ਉਨਾਂ ਕਿਹਾ ਕਿ ਕਾਂਗਰਸ ਨੂੰ ਇਸ ਤਰਾਂ ਵੋਟਾਂ ਹਾਸਿਲ ਨਹੀਂ ਹੋਣ ਵਾਲੀਆਂ।

          ਵੜੈਚ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੈਟ੍ਰੋਲ, ਐਲਪੀਜੀ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਪੂਰੇ ਦੇਸ਼ ਵਿੱਚ ਆਪਣੇ ਆਪ ਬਰਾਬਰ ਹੋ ਜਾਣਗੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

          ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਇਹ ਕਹਿ ਕੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਸੀ ਅਤੇ ਦੂਜੇ ਵਰਗਾਂ ਨੂੰ ਮਿਲਣ ਵਾਲੀ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਸੀ ਕਿ ਉਨਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਖਾਲੀ ਖਜਾਨਾ ਮਿਲਿਆ ਸੀ।

          ਵੜੈਚ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਣ ਦੇ ਵੱਡੇ ਘੋਟਾਲੇ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਓਂ ਚੁੱਪੀ ਧਾਰੀ ਹੋਈ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੀਐਸਪੀਸੀਐਲ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀਆਂ ਦਰਾਂ ਉਤੇ ਲੋਕਾਂ ਦੇ ਪੈਸੇ ਨਾਲ ਬਿਜਲੀ ਖਰੀਦਣ ਲਈ ਅਯੋਗ ਸਮਝੌਤਿਆਂ ਉਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਉਨਾਂ ਕਿਹਾ ਕਿ ਪ੍ਰਾਈਵੇਟ ਪਲਾਂਟਾਂ ਨੂੰ ਫਾਇਦਾ ਦੇਣ ਲਈ ਬਾਦਲਾਂ ਨੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ।

          ਆਪ ਆਗੂ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਬਣਾਉਣ ਵੇਲੇ ਕਾਂਗਰਸ ਵੱਲੋਂ ਸਾਬਕਾ ਫੌਜੀਆਂ, ਪੁਲਿਸ ਅਤੇ ਅਰਧਸੈਨਿਕ ਬਲਾਂ ਦੀ ਭਲਾਈ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਅੱਖ ਉਸ ਵੇਲੇ ਖੁੱਲੀ, ਜਦੋਂ ਸੈਨਿਕਾਂ ਵੱਲੋਂ 4 ਫਰਵਰੀ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਸਮਰਥਨ ਨਾ ਦੇਣ ਦਾ ਫੈਸਲਾ ਲਿਆ।

          ਵੜੈਚ ਨੇ ਕਿਹਾ ਕਿ ਕਈ ਕਾਂਗਰਸੀ ਆਗੂਆਂ ਵੱਲੋਂ ਟ੍ਰਾਂਸਪੋਰਟ ਮਾਫੀਆ ਚਲਾਇਆ ਜਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿਰਾਏ ਘੱਟ ਕਰਨ ਦੀ ਉਮੀਦ ਮੂਰਖਤਾ ਹੋਵੇਗੀ। ਉਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ, ਅਕਾਲੀਆਂ ਅਤੇ ਭਾਜਪਾ ਵੱਲੋਂ ਮਿਲ ਕੇ ਟ੍ਰਾਂਸਪੋਰਟ ਮਾਫੀਆ ਚਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਵੱਲੋਂ ਪਿਛਲੇ 10 ਸਾਲਾਂ ਵਿੱਚ ਟ੍ਰਾਂਸਪੋਰਟ ਮਾਫੀਆ ਖਿਲਾਫ ਦਿੱਤਾ ਗਿਆ ਇੱਕ ਵੀ ਬਿਆਨ ਨਹੀਂ ਵਿਖਾ ਸਕਦੇ।

          ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਇੱਕ ਦੂਜੇ ਨਾਲ ਮਿਲੇ ਹੋਏ ਹਨ ਅਤੇ ਉਨਾਂ ਵੱਲੋਂ ਇੱਕ-ਦੂਜੇ ਦੇ ਵਪਾਰਿਕ ਹਿੱਤਾਂ ਨੂੰ ਲੋਕ ਕਲਿਆਣ ਤੋਂ ਉਤੇ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਵਾਰੋ-ਵਾਰੀ ਲੋਕਾਂ ਨੂੰ ਲੁੱਟਣ ਲਈ ਸਹਿਮਤੀ ਬਣਾਈ ਹੋਈ ਹੈ। ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੱਥ ਮਿਲਾਇਆ ਹੋਇਆ ਹੈ। 

Please Click here for Share This News

Leave a Reply

Your email address will not be published. Required fields are marked *