best platform for news and views

ਅਕਾਲੀ ਦਲ ਨੂੰ ਮਾਲਵੇ ’ਚ ਮੁੜ ਪੈਰ ਲਾਉਣ ਵਿੱਚ ਨਾ ਮਿਲੀ ਪੂਰਨ ‘ਸਫ਼ਲਤਾ’

Please Click here for Share This News

ਹਮੀਰ ਸਿੰਘ

ਚੰਡੀਗੜ੍ਹ : ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਲੰਮਾ ਸਮਾਂ ਕਬਜ਼ਾ ਜਮਾਈ ਰੱਖਣ ਵਾਲਾ ਮਾਲਵਾ ਖੇਤਰ ਸਿਆਸੀ ਪਾਰਟੀਆਂ ਦੇ ਭੇੜ ਦਾ ਸਭ ਤੋਂ ਅਹਿਮ ਮੈਦਾਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੂਲ ਆਧਾਰ ਵਾਲੇ ਇਸ ਖੇਤਰ ਵਿੱਚ ਪੰਥਕ ਅਤੇ ਕਿਸਾਨੀ ਵੋਟ ਨੂੰ ਮੁੜ ਇੱਕਜੁੱਟ ਕਰਨ ਲਈ ਅਕਾਲੀ ਦਲ ਦੀ ਦਸ ਸਾਲਾਂ ਦੀ ਕੋਸ਼ਿਸ਼ ਹਾਲੇ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਦਿਖਾਈ ਨਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਈ ਸੰਨ੍ਹ ਦਾ ਅਸਰ ਅਜੇ ਤੱਕ ਬਰਕਰਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਮੁੱਖ ਫੋਕਸ ਵੀ ਮਾਲਵਾ ਦਾ ਵੋਟ ਬੈਂਕ ਮੰਨਿਆ ਜਾ ਰਿਹਾ ਹੈ।
ਹਲਕਿਆਂ ਦੀ ਮੁੱੜ ਹੱਦਬੰਦੀ ਤੋਂ ਬਾਅਦ ਮਾਲਵਾ ਖੇਤਰ ਦਾ ਪ੍ਰਭਾਵ ਹੋਰ ਵੀ ਵਧ ਗਿਆ ਹੈ। ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ ਮਾਝਾ-ਦੋਆਬਾ ਦੀਆਂ ਸੀਟਾਂ 52 ਤੋਂ ਘਟ ਕੇ 48 ਤੱਕ ਸੀਮਤ ਹੋ ਗਈਆਂ ਅਤੇ ਮਾਲਵਾ ਦੀਆਂ ਸੀਟਾਂ 65 ਤੋਂ ਵਧ ਕੇ 69 ਤੱਕ ਚਲੀਆਂ ਗਈਆਂ ਹਨ। 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਤਾਬਦੀਆਂ ਮਨਾਉਣ, ਫਤਹਿਗੜ੍ਹ ਸਾਹਿਬ ਦੇ ਦੁਆਲੇ ਬਣਾਏ ਗੇਟ, ਬੀਟੀ ਕਾਟਨ ਸਬੰਧੀ ਕੀਤੇ ਉਪਰਾਲੇ, ਪੰਜਾਬ ਸਮਝੌਤੇ ਰੱਦ ਕਰਨ ਵਾਲੇ ਕਾਨੂੰਨ ਅਤੇ ਪੰਜਾਂ ਸਾਲਾਂ ਦੌਰਾਨ ਫਸਲਾਂ ਦੀ ਠੀਕ ਤਰੀਕੇ ਨਾਲ ਖਰੀਦ ਹੋਣ ਸਦਕਾ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਵਿੱਚ ਵੱਡੀ ਸੰਨ੍ਹ ਲਗਾ ਲਈ ਸੀ। ਅਮਰਿੰਦਰ ਸਿੰਘ ਦਾ ਆਪਣਾ ਜੱਦੀ ਪਿੰਡ ਮਹਿਰਾਜ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਖੇਤਰ ਵਿੱਚ ਪੈਂਦਾ ਹੈ।
2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 65 ਵਿੱਚੋਂ ਕਾਂਗਰਸ ਨੇ 37 ਸੀਟਾਂ ਜਿੱਤ ਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਸੀ। ਕਾਂਗਰਸ ਦੇ ਹੀ ਚਾਰ ਬਾਗੀ ਵੀ ਜਿੱਤਣ ਵਿੱਚ ਸਫਲ ਰਹੇ ਸਨ। ਬੇਸ਼ੱਕ ਕਾਂਗਰਸ ਕੁੱਲ 44 ਸੀਟਾਂ ਹੀ ਜਿੱਤ ਸਕੀ ਅਤੇ ਸਰਕਾਰ ਅਕਾਲੀ-ਭਾਜਪਾ ਦੀ ਬਣ ਗਈ ਸੀ। ਪਰ ਅਕਾਲੀ ਦਲ ਨੂੰ ਆਪਣੇ ਇਸ ਗੜ੍ਹ ਵਿੱਚੋਂ 19 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ 49 ਸੀਟਾਂ ਲੈ ਕੇ ਬਹੁਮੱਤ ਤੋਂ ਕਾਫੀ ਪਿੱਛੇ ਸੀ ਅਤੇ ਭਾਜਪਾ 23 ਚੋਂ 19 ਸੀਟਾਂ ਜਿੱਤ ਕੇ ਗੱਠਜੋੜ ਵਿੱਚ ਵੱਡੇ ਦਾਅਵੇਦਾਰ ਵਜੋਂ  ਉੱਭਰੀ ਸੀ। ਮਾਲਵਾ ਖੇਤਰ ’ਚੋਂ ਭਾਜਪਾ ਦੀਆਂ ਵੀ ਪੰਜ ਹੀ ਸੀਟਾਂ ਆਈਆਂ ਸੀ।
ਹਲਕਿਆਂ ਦੀ ਮੁੜ ਹੱਦਬੰੰਦੀ ਤੋਂ ਬਾਅਦ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲ-ਭਾਜਪਾ ਗੱਠਜੋੜ ਲਗਾਤਾਰ ਦੂਸਰੀ ਵਾਰ ਜਿੱਤ ਕੇ  ਨਵਾਂ ਇਤਿਹਾਸ ਸਿਰਜਣ ਵਿੱਚ ਕਾਮਯਾਬ ਰਿਹਾ ਪਰ ਮਾਲਵੇ ਵਿੱਚ ਇਸ ਦੇ ਰਵਾਇਤੀ ਵੋਟ ਬੈਂਕ ਦੀ ਬੇਗਾਨਗੀ ਪੂਰੀ ਤਰ੍ਹਾਂ ਦੂਰ ਨਹੀਂ ਹੋਈ। ਮਾਲਵੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ 30 ਸੀਟਾਂ ਨਾਲ ਥੋੜੀ ਹੇਠਾਂ ਆਈ। ਅਕਾਲੀ-ਭਾਜਪਾ ਨੇ 39 ਸੀਟਾਂ ਜਿੱਤਣ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਅਤੇ ਇਨ੍ਹਾਂ ਨੇ ਮਾਝਾ-ਦੋਆਬਾ ਵਿੱਚ ਪਹਿਲਾਂ ਵਾਲੀ ਕਾਰਗੁਜ਼ਾਰੀ ਜਾਰੀ ਰੱਖੀ। ਇਸੇ ਲਈ ਅਕਾਲੀ ਦਲ ਸੱਤਾ ਵਿਰੋਧੀ ਭਾਵਨਾਵਾਂ ਦੇ ਬਾਵਜੂਦ 2007 ਦੀਆਂ 49 ਦੇ ਮੁਕਾਬਲੇ 56 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ 19 ਤੋਂ ਹੇਠਾਂ ਆ ਕੇ 12 ਉੱਤੇ ਅਟਕ ਗਈ ਪਰ ਦੋਵਾਂ ਦੇ ਗੱਠਜੋੜ ਨੂੰ ਸਰਕਾਰ ਬਣਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਈ।
ਇਸ ਵਾਰ ਇੱਕ ਨਵਾਂ ਅਤੇ ਮਜ਼ਬੂਤ ਖਿਡਾਰੀ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਇਆ ਹੈ। ਲੋਕ ਸਭਾ ਦੀਆਂ 2014 ਦੀਆਂ ਚੋਣਾਂ ਦੌਰਾਨ ‘ਆਪ’ ਦੇ ਚਾਰ ਸੰਸਦ ਮੈਂਬਰ ਵੀ ਮਾਲਵੇ ਨੇ ਹੀ ਦਿੱਤੇ। ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਦਿੱਤਾ ਸੀ। ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ। ਇੱਕ ਲੋਕ ਸਭਾ ਹਲਕੇ ਵਿੱਚ ਨੌ ਵਿਧਾਨ ਸਭਾ ਹਲਕੇ ਪੈਂਦੇ ਹਨ। ‘ਆਪ’ ਨੂੰ ਮਿਲਣ ਵਾਲੇ ਹੁੰਗਾਰੇ ਦਾ ਜ਼ਿਆਦਾ ਦਾਰੋਮਦਾਰ ਵੀ ਮਾਲਵਾ ਖੇਤਰ ਉੱਤੇ ਹੈ।

(we are thankful to punjabi tribune)

Please Click here for Share This News

Leave a Reply

Your email address will not be published. Required fields are marked *