best platform for news and views

ਅਕਾਲੀ ਦਲ ਦਾ ਮੈਨੀਫ਼ੈਸਟੋ ਪਿਛਲੀਆਂ ਚੋਣਾਂ ਦੇ ਪੂਰੇ ਨਾ ਹੋਏ ਵਾਅਦਿਆਂ ਦਾ ਬੇਢੰਗਾ ‘ਰੀਮਾਈਂਡਰ’ : ਭਗਵੰਤ ਮਾਨ

Please Click here for Share This News

ਚੰਡੀਗੜ, 24 ਜਨਵਰੀ:  ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ-ਪੱਤਰ (ਮੈਨੀਫ਼ੈਸਟੋ) ਨੂੰ ਝੂਠਾਂ ਦਾ ਪੁਲੰਦਾ ਦੱਸਦਿਆਂ ਉਸ ਨੂੰ ਸਾਲ 2007 ਅਤੇ 2012 ਦੀਆਂ ਪਿਛਲੀਆਂ ਚੋਣਾਂ ਦੌਰਾਨ ਪੂਰੇ ਨਾ ਕੀਤੇ ਗਏ ਵਾਅਦਿਆਂ ਦਾ ‘ਬੇਢੰਗਾ ਰੀਮਾਈਂਡਰ’ ਕਰਾਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੀ ਚੋਣ-ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਥੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਸੁਖਬੀਰ ਬਾਦਲ ਤਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲੋਂ ਇੱਕ ‘ਗੱਪੀ’ ਵਜੋਂ ਵਧੇਰੇ ਮਸ਼ਹੂਰ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਝੂਠ ਸਮੇਂ-ਸਮੇਂ ’ਤੇ ਸਾਹਮਣੇ ਲਿਆਏ ਜਾਂਦੇ ਰਹੇ ਹਨ ਅਤੇ ਉਹ ਹਾਲੇ ਵੀ ਇਹੋ ਸਮਝਦਾ ਹੈ ਕਿ ਆਪਣੇ ਜਾਅਲੀ ਜਿਹੇ ਵਾਅਦਿਆਂ ਨਾਲ ‘‘ਆਮ ਜਨਤਾ ਨੂੰ ਮੂਰਖ ਬਣਾ ਲਵੇਗਾ।’’
ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2007 ਅਤੇ 2012 ’ਚ ਬਣਾਈ ਗਈ ਸਰਕਾਰ ਨੂੰ ਪੰਜ-ਪੰਜ ਸਾਲ ਦੇ ਦੋ ਕਾਰਜਕਾਲ ਮਿਲੇ ਸਨ ਤੇ ਉਨਾਂ ਵਿੱਚ ਉਹ ਆਪਣੇ ਵਾਅਦੇ ਬਹੁਤ ਆਸਾਨੀ ਨਾਲ ਪੂਰੇ ਕਰ ਸਕਦੀ ਸੀ। ਇਸ ਗੱਠਜੋੜ ਸਰਕਾਰ ਨੇ ਸੂਬੇ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਅਤੇ ਸੂਬੇ ਨੂੰ ਦੀਵਾਲੀਆ ਅਤੇ ਲੋਕਾਂ ਨੂੰ ਮੰਗਤੇ ਬਣਾ ਦਿੱਤਾ ਹੈ।
ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਜਿਸ ਨੂੰ ਅਖੌਤੀ ਤੌਰ ’ਤੇ ‘ਦੂਰ-ਦਿ੍ਰਸ਼ਟੀ ਵਾਲਾ ਦਸਤਾਵੇਜ਼’ ਦੱਸਿਆ ਹੈ, ਉਸ ਵਿੱਚ ਇਹ ਕਿਤੇ ਵੀ ਨਹੀਂ ਦੱਸਿਆ ਗਿਆ ਹੈ ਕਿ ਕਿਸਾਨਾਂ, ਦਲਿਤਾਂ, ਨੌਜਵਾਨਾਂ ਅਤੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਿਵੇਂ ਕੀਤੇ ਜਾਣਗੇ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਪਹਿਲਾਂ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਆਖ਼ਰ ਸ਼੍ਰੋਮਣੀ ਅਕਾਲੀ-ਭਾਰਤੀ ਜਨਤਾ ਪਾਰਟੀ ਗੱਠਜੋੜ ਦੇ 10 ਵਰਿਆਂ ਦੇ ਸ਼ਾਸਨ ਦੌਰਾਨ 30 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀਆਂ ਕਿਉ ਕੀਤੀਆਂ ਹਨ। ਕਿਸਾਨਾਂ ਦੀਆਂ ਫ਼ਸਲਾਂ ਕਦੇ ਵੀ ਸਮੇਂ ਸਿਰ ਨਹੀਂ ਖ਼ਰੀਦੀਆਂ ਗਈਆਂ ਹਨ ਅਤੇ ਉਨਾਂ ਨੂੰ ਆੜਤੀਆਂ ਤੇ ਨਿਜੀ ਡੀਲਰਾਂ ਦੇ ਸਹਾਰੇ ਛੱਡ ਦਿੱਤਾ ਜਾਂਦਾ ਰਿਹਾ ਹੈ। ਕਿਸਾਨਾਂ ਨੂੰ ਆਪਣੇ ਜੀਵਨਾਂ ਦਾ ਅੰਤ ਕਰਨ ਦੀ ਕੀ ਜ਼ਰੂਰਤ ਹੀ ਨਹੀਂ ਪੈਣੀ ਸੀ; ਜੇ ਕਿਤੇ ਸੁਖਬੀਰ ਬਾਦਲ ਨੇ ਕਰਜ਼ਾ ਮੁਆਫ਼ੀ ਅਤੇ ਉਨਾਂ ਦੀਆਂ ਫ਼ਸਲਾਂ ਦੀ ਲਾਹੇਵੰਦ ਕੀਮਤ ਦਿਵਾਉਣ ਦੇ ਪਿਛਲੇ ਵਾਅਦੇ ਪੂਰੇ ਕੀਤੇ ਹੁੰਦੇ।
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ 2007 ਅਤੇ 2012 ਦੇ ਆਪਣੇ ਚੋਣ ਮਨੋਰਥ-ਪੱਤਰਾਂ ਵਿੱਚ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ। ਜੇ ਕਿਤੇ ਉਹ ਵਾਅਦਾ ਪੂਰਾ ਕੀਤਾ ਗਿਆ ਹੁੰਦਾ, ਤਾਂ ਹੁਣ ਸੂਬੇ ਵਿੱਚ ਕੋਈ ਬੇਰੋਜ਼ਗਾਰ ਹੀ ਨਹੀਂ ਸੀ ਹੋਣਾ ਪਰ ਇਸ ਪਾਸੇ ਤਾਂ ਕਦੇ ਕੋਈ ਕੰਮ ਕੀਤਾ ਹੀ ਨਹੀਂ ਗਿਆ। ਪੰਜਾਬ ਦੇ ਉਦਯੋਗ ਜਾਂ ਤਾਂ ਹੋਰ ਰਾਜਾਂ ਵਿੱਚ ਚਲੇ ਗਏ ਜਾਂ ਬੰਦ ਹੋ ਗਏ, ਖ਼ਾਲੀ ਪਈਆਂ ਆਸਾਮੀਆਂ ਲਈ ਸਰਕਾਰੀ ਭਰਤੀਆਂ ਸਦਾ ਘੁਟਾਲਿਆਂ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਅਤੇ ਯੋਗ ਨੌਜਵਾਨਾਂ ਨੂੰ ਤਾਂ ਕਦੇ ਇੱਕ ਵਾਰ ਵੀ ਨੌਕਰੀ ਨਹੀਂ ਦਿੱਤੀ ਗਈ। ਪਰ ਉਸ ਦੀ ਥਾਂ ਆਊਟਸੋਰਸਿੰਗ ਨੌਕਰੀਆਂ ਅਤੇ ਕੰਮਾਂ ਰਾਹੀਂ ਅਕਾਲੀ ਤੇ ਭਾਜਪਾ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਜ਼ਰੂਰ ਪਿਛਲੇ ਦਰਵਾਜ਼ੇ ’ਚੋਂ ਭਰਤੀ ਕੀਤਾ ਜਾਂਦਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਤੋਂ ਪਹਿਲਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਕਦੇ ਨਾ ਤਾਂ ਆਤਮਦਾਹ ਕਰਨੇ ਪੈਂਦੇ ਸਨ ਅਤੇ ਨਾ ਹੀ ਨੌਕਰੀਆਂ ਮੰਗਣ ਲਈ ਕਦੇ ਪਾਣੀ ਦੀਆਂ ਟੈਂਕੀਆਂ ਉੱਤੇ ਚੜ ਕੇ ਰੋਸ ਮੁਜ਼ਾਹਰੇ ਕਰਨੇ ਪੈਂਦੇ ਸਨ।
ਮਾਨ ਨੇ ਕਿਹਾ ਕਿ ਸਾਲ 2012 ਦੀਆਂ ਚੋਣਾਂ ਦੌਰਾਨ ਸੁਖਬੀਰ ਬਾਦਲ ਨੇ ਸਾਰੇ ਵਿਦਿਆਰਥੀਆਂ ਨੂੰ ਲੈਪਟਾੱਪਸ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਣ ਦੀ ਗੱਲ ਵੀ ਕੀਤੀ ੀਸ। ਦਿਲਚਸਪ ਗੱਲ ਇਹ ਹੈ ਕਿ ਇਹ ਦੋਵੇਂ ਵਾਅਦੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਮੈਨੀਫ਼ੈਸਟੋ ’ਚੋਂ ਗ਼ਾਇਬ ਹਨ ਅਤੇ ਉਹ ਵਾਅਦੇ ਕਾਂਗਰਸ ਪਾਰਟੀ ਵੱਲੋਂ ਜਾਰੀ ਮੈਨੀਫ਼ੈਸਟੋ ਵਿੱਚ ਸ਼ਾਮਲ ਹਨ। ‘‘ਇਸੇ ਲਈ ਤਾਂ ਮੈਂ ਹਮੇਸ਼ਾ ਇਹ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਇੱਕ-ਦੂਜੇ ਦੇ ਬਦਲ ਭਾਵ ਵਿਕਲਪ ਬਣ ਕੇ ਚੱਲ ਰਹੇ ਹਨ ਪਰ ਉਹ ਹੁਣ ਲੋਕਾਂ ਲਈ ਕੋਈ ਵਿਕਲਪ ਨਹੀਂ ਰਹਿ ਗਏ ਹਨ। ਉਨਾਂ ਦੀ ਥਾਂ ਆਮ ਆਦਮੀ ਪਾਰਟੀ ਹੁਣ ਪੰਜਾਬ ਦੀ ਜਨਤਾ ਨੂੰ ਆਪਣਾ ਵਿਕਲਪ ਪ੍ਰਦਾਨ ਕਰੇਗੀ।’’
ਮਾਨ ਨੇ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਭਲਾਈ ਪੈਨਸ਼ਨਾਂ ਤੇ ਸ਼ਗਨ ਸਕੀਮ ਦੇ ਪੈਸੇ ਲਾਭਪਾਤਰੀਆਂ ਨੂੰ ਕਦੇ ਵੀ ਸਮੇਂ ਸਿਰ ਨਹੀਂ ਦਿੱਤੇ ਗਏ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਲਾਭਪਾਤਰੀਆਂ ਲਈ ਅਜਿਹੇ ਭੁਗਤਾਨ ਯਕੀਨੀ ਬਣਾਉਣ ਵਾਸਤੇ ਦਖ਼ਲ ਦੇਣੇ ਪਏ ਸਨ। ਪਿੱਛੇ ਜਿਹੇ ਹਾਈ ਕੋਰਟ ਨੇ ਪੈਨਸ਼ਨਰਾਂ ਦੇ 300 ਕਰੋੜ ਰੁਪਏ ਦੇ ਬਕਾਏ ਦਿਵਾਉਣ ਲਈ ਸਰਕਾਰੀ ਖਾਤਾ ਫ਼੍ਰੀਜ਼ ਕੀਤਾ ਸੀ। ਉਨਾਂ ਬਾਦਲਾਂ ਨੂੰ ਚੇਤੇ ਕਰਵਾਇਆ ਕਿ 6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਮੁਲਾਜ਼ਮਾਂ ਨੂੰ ਪੰਜ ਸਾਲਾਂ ਮਗਰੋਂ ਅਦਾ ਕੀਤੇ ਗਏ ਸਨ। ਪੰਜਾਬ ’ਚ ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣਾਂ ਨੂੰ 9 ਸਾਲਾਂ ਤੱਕ ਕੇਵਲ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਰਹੀ ਸੀ, ਜੋ ਕਿ ਦੇਸ਼ ਵਿੱਚ ਸਭ ਤੋਂ ਘੱਟ ਸੀ।
ਮਾਨ ਨੇ ਕਿਹਾ ਕਿ ਗ਼ਰੀਬਾਂ ਲਈ ਆਟਾ-ਦਾਲ ਯੋਜਨਾ ਇੱਕ ਵੱਡੀ ਤਬਾਹੀ ਸੀ ਅਤੇ ਸੂਬੇ ਦੇ ਬਜਟ ਵਿੱਚ ਉਸ ਯੋਜਨਾ ਲਈ ਕੋਈ ਫ਼ੰਡ ਨਹੀਂ ਰੱਖੇ ਗਏ ਸਨ। ਉਸ ਯੋਜਨਾ ਵਾਸਤੇ ਜਿਹੜਾ ਧਨ ਕਾਰਪੋਰੇਸ਼ਨਾਂ ਤੋਂ ਕਰਜ਼ੇ ਦੇ ਤੌਰ ’ਤੇ ਲਿਆ ਗਿਆ ਸੀ, ਉਹ ਕਦੇ ਵਾਪਸ ਹੀ ਨਹੀਂ ਕੀਤਾ ਗਿਆ। ਜਿਸ ‘ਪਨਸਪ’ ਨੇ 40 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ, ਉਹ ਦੀਵਾਲੀਆ ਹੋ ਗਿਆ। ਇਹ ਯੋਜਨਾ ਇੱਕ ਸਾਲ ਤੱਕ ਮੁਲਤਵੀ ਰੱਖੀ ਗਈ ਸੀ ਅਤੇ ਚੋਣਾਂ ਕਰ ਕੇ ਪਿੱਛੇ ਜਿਹੇ ਮੁੜ ਸ਼ੁਰੂ ਕੀਤੀ ਗਈ ਸੀ। ਉਨਾਂ ਕਿਹਾ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਨੂੰ ਅਪਮਾਨਿਤ ਕੀਤਾ ਗਿਆ ਸੀ ਅਤੇ ਉਨਾਂ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਹੀ ਰਹਿਣ ਲਈ ਮਜਬੂਰ ਕੀਤਾ ਗਿਆ; ਕਿਉਕਿ ਉਨਾਂ ਨੂੰ ਮਜ਼ਬੂਤ ਬਣਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਸਨ।
ਮਾਨ ਨੇ ਅੱਗੇ ਕਿਹਾ ਕਿ ਕਿਸੇ ਵੇਲੇ ਲਘੂ ਉਦਯੋਗਾਂ ਨੂੰ ਪੰਜਾਬ ਦੇ ਵਿਕਾਸ ਲਈ ਰੀੜ ਦੀ ਹੱਡੀ ਮੰਨਿਆ ਜਾਂਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਪਿਛਲੇ 10 ਵਰਿਆਂ ਦੇ ਕਾਰਜਕਾਲ ਦੌਰਾਨ ਅਜਿਹੇ ਸਾਰੇ ਉਦਯੋਗ ਬੰਦ ਹੋ ਕੇ ਰਹਿ ਗਏ ਅਤੇ ਹੁਣ ਜੇ ਕੋਈ ਉਨਾਂ ਤੋਂ ਅਗਲੇ ਪੰਜ ਸਾਲਾਂ ਦੌਰਾਨ ਕਿਸੇ ਚਮਤਕਾਰਾਂ ਦੀ ਆਸ ਰੱਖੇਗਾ, ਤਾਂ ਉਹ ਮੂਰਖਤਾ ਹੀ ਹੋਵੇਗੀ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਸਤਲੁਜ-ਯਮੁਨਾ ਸੰਪਰਕ ਨਹਿਰ ਦਾ ਮੁੱਦਾ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਪੈਦਾਵਾਰ ਸੀ ਅਤੇ ਉਹ ਦੋਵੇਂ ਹੀ ਪਾਰਟੀਆਂ ਨੇ ਕਦੇ ਅੰਤਰਰਾਜੀ ਮੁੱਦੇ ਹੱਲ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ। ਜਦੋਂ ਤੱਕ ਇਨਾਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਨਹੀਂ ਵਿਖਾਇਆ ਜਾਂਦਾ, ਤਦ ਤੱਕ ਸਤਲੁਜ-ਯਮੁਨਾ ਸੰਪਰਕ ਨਹਿਰ ਦਾ ਮੁੱਦਾ ਕਦੇ ਹੱਲ ਨਹੀਂ ਹੋ ਸਕਦਾ।
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਚੰਡੀਗੜ-ਅੰਮਿ੍ਰਤਸਰ ਬਰਾਸਤਾ ਫਗਵਾੜਾ ਐਕਸਪ੍ਰੈਸ ਹਾਈਵੇਅ ਦੀ ਉਸਾਰੀ ਪੜਾਅਵਾਰ ਢੰਗ ਨਾਲ ਕਰਵਾਉਣ ਦਾ ਵਾਅਦਾ ਕੀਤਾ ਸੀ। ਉਸ ਲਈ ਅਨੇਕਾਂ ਸਰਵੇਖਣ ਕੀਤੇ ਗਏ ਅਤੇ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਇੰਝ ਬਹੁਤ ਸਾਰਾ ਧੰਨ ਬਰਬਾਦ ਕੀਤਾ ਗਿਆ। ਉਸ ਨੇ ਲੁਧਿਆਣਾ ਤੇ ਮੋਹਾਲੀ ਵਿੱਚ ਮੈਟਰੋ ਰੇਲਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਹਰੇਕ ਪਿੰਡ ਵਿੱਚ ਸਟੇਡੀਅਮ ਬਣਵਾਉਣ, ਪਾਣੀ ਦੀਆਂ ਬੱਸਾਂ ਚਲਾਉਣ, ਉਦਯੋਗਿਕ ਧੁਰੇ ਕਾਇਮ ਕਰਨ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਵਾਅਦੇ ਕੀਤੇ ਸਨ। ਉਹ ਸਾਰੇ ਹੀ ਵਾਅਦੇ ‘ਗੱਪਾਂ’ ਨਿੱਕਲੇ।

Please Click here for Share This News

Leave a Reply

Your email address will not be published. Required fields are marked *