
ਜਲੰਧਰ, 22 ਜਨਵਰੀ: ਸ੍ਰੋਮਣੀ ਅਕਾਲੀ ਦਲ ਦਾ ਸਿਆਸੀ ਗ੍ਰਾਫ ਐਤਵਾਰ ਨੂੰ ਉਸ ਵੇਲੇ ਹੋਰ ਡਿੱਗ ਗਿਆ, ਜਦੋਂ ਕਈ ਸੀਨੀਅਰ ਪਾਰਟੀ ਆਗੂ ਤੇ ਸਮਰਥਕ ਕਾਂਗਰਸ ‘ਚ ਸ਼ਾਮਿਲ ਹੋ ਗਏ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਆਗੂਆਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸ਼ਾਮਿਲ ਹੋਣ ਨਾਲ ਫਾਸੀਵਾਦੀ ਤੇ ਭ੍ਰਿਸ਼ਟ ਤਾਕਤਾਂ ਖਿਲਾਫ ਲੜਾਈ ‘ਚ ਕਾਂਗਰਸ ਦੇ ਹੱਥਾਂ ਨੂੰ ਮਜ਼ਬੂਤ ਕਰਨ ‘ਚ ਮਦੱਦ ਮਿਲੇਗੀ।
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ‘ਚ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਤੇ ਬੀਤੇ 25 ਸਾਲਾਂ ਤੋਂ ਪਿੰਡ ਹਿੱਸੋਵਾਲ ਦੇ ਸਰਪੰਚ ਰਾਜਵਿੰਦਰ ਸਿੰਘ ਹਿੱਸੋਵਾਲ ਵੀ ਸਨ। ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਮੀਤ ਪ੍ਰਧਾਨ ਤੇ ਯੂਥ ਅਕਾਲੀ ਦਲ ਦੇ ਸਾਬਕਾ ਕਾਨੂੰਨੀ ਸਲਾਹਕਾਰ ਗੁਰਦੀਪ ਸਿੰਘ ਗਿੱਲ ਸਮੇਤ ਟਰੱਕ ਯੂਨੀਅਨ ਸੁਧਾਰ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਵੀ ਕਾਂਗਰਸ ਨੂੰ ਆਪਣਾ ਸਮਰਥਨ ਦਿੱਤਾ।
ਇਸ ਦੌਰਾਨ ਕਾਂਗਰਸ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਹਿੱਸੋਵਾਲ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ, ਸੁਧਾਰ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਗਿੱਲ, ਲੁਧਿਆਣਾ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਗਿੱਲ ਤੇ ਨਵਜੋਤ ਸਿੰਘ ਸੰਧੂ ਵੀ ਸਨ।