
ਨਿਰਮਲ ਸਾਧਾਂਵਾਲੀਆ
ਚੰਡੀਗੜ੍ਹ : ਇਸ ਵਾਰ ਦੀਆਂ ਵਿਧਾਨ ਸਭਾ ਚੋਣਾ ਵਿਚ ਕਈ ਪੱਖ ਨਵੇਂ ਸ਼ਾਮਲ ਹੋਏ ਹਨ, ਜਿਥੇ ਕਈ ਨਵੇਂ ਰਾਜਸੀ ਪੈਂਤੜਿਆਂ ਨੇ ਜਨਮ ਲਿਆ ਹੈ, ਉਥੇ ਦੂਸ਼ਣਬਾਜੀ ਤਾਂ ਸਭ ਹੱਦਾਂ ਬੰਨੇ ਪਾਰ ਕਰ ਚੁੱਕੀ ਹੈ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਲੋਂ ਕੀਤੀਆਂ ਜਾਂਦੀਆਂ ਸਮਾਜ ਵਿਰੋਧੀ ਅਤੇ ਲੋਕ ਵਿਰੋਧੀ ਸਰਗਰਮੀਆਂ ਜਾਂ ਫੈਸਲਿਆਂ ਨੂੰ ਵਿਰੋਧੀ ਪਾਰਟੀਆਂ ਵਲੋਂ ਉਭਾਰਨਾ ਇਕ ਚੰਗਾ ਪੱਖ ਹੁੰਦਾ ਹੈ। ਜੇਕਰ ਇਕ ਸਿਆਸੀ ਧਿਰ ਲੋਕ ਵਿਰੋਧੀ ਰਵਈਆ ਅਪਣਾ ਰਹੀ ਹੈ ਤਾਂ ਦੂਜੀ ਧਿਰ ਉੋਸਦਾ ਵਿਰੋਧ ਕਰਦੀ ਹੈ, ਜਿਸ ਨੂੰ ਆਮ ਜਨਤਾ ਦੀ ਅਵਾਜ ਵੀ ਕਿਹਾ ਜਾ ਸਕਦਾ ਹੈ ਜਾਂ ਲੋਕਾਂ ਦੀ ਨੁਮਾਇੰਦਗੀ ਦਾ ਨਾਮ ਦਿੱਤਾ ਜਾਂਦਾ ਹੈ। ਪਰ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਸਿਆਸੀ ਦੂਸ਼ਨਬਾਜੀ ਤੋਂ ਵੀ ਉੱਪਰ ਨਿੱਜੀ ਹਮਲਿਆਂ ਦਾ ਸਿਲਸਲਾ ਪੰਜਾਬ ਦੇ ਭਵਿੱਖ ਲਈ ਕੋਈ ਚੰਗਾ ਸੰਦੇਸ਼ ਨਹੀਂ ਦੇ ਰਿਹਾ। ਵੱਖ ਵੱਖ ਪਾਰਟੀਆਂ ਵਲੋਂ ਆਪਣੇ ਵਿਰੋਧੀ ਆਗੂਆਂ ‘ਤੇ ਨਿੱਜੀ ਹਮਲੇ ਕਰਵਾਉਣ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸਦੀ ਮਿਸਾਲ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹਮਲਾ ਕਰਨਾ ਜਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਤੋਂ ਇਲਾਵਾ ਹੋਰ ਆਗੂਆਂ ‘ਤੇ ਹਮਲੇ ਵੀ ਜਿਕਰਯੋਗ ਹਨ। ਭਾਵੇਂ ਇਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਨਾਮ ਦਿੱਤਾ ਜਾ ਰਿਹਾ ਹੈ, ਪਰ ਅਸਲ ਵਿਚ ਇਹ ਲੋਕਾਂ ਨੂੰ ਭੜਕਾਉਣ ਦਾ ਹੀ ਨਤੀਜਾ ਹੁੰਦਾ ਹੈ। ਜੇਕਰ ਇਥੇ ਹੀ ਗੱਲ ਮੁੱਕ ਜਾਂਦੀ ਤਾਂ ਫਿਰ ਵੀ ਠੀਕ ਸੀ, ਪਰ ਹੁਣ ਸਿਆਸੀ ਧਿਰਾਂ ਵਲੋਂ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਯੋਜਨਾਬੱਧ ਢੰਗ ਨਾਲ ਵਿਰੋਧੀਆਂ ਦੀ ਨਿੱਜੀ ਜਿੰਦਗੀ ਦੇ ਪੱਖਾਂ ਨੂੰ ਗਲਤ ਰੰਗਤ ਦੇ ਕੇ ਉਭਾਰਿਆ ਜਾ ਰਿਹਾ ਹੈ। 26 ਜਨਵਰੀ ਵਾਲੇ ਦਿਨ ਇਕ ਧਿਰ ਨੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਝਗੜੇ ਦੀ ਇਕ ਪੁਰਾਣੀ ਵੀਡੀਓ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ, ਜਿਸ ਨਾਲ ਸਬੰਧਿਤ ਸ੍ਰੀ ਚੰਦੂਮਾਜਰਾ ਦੀ ਬਦਨਾਮੀ ਕਰਨ ਦੀ ਕਸ਼ਿਸ਼ ਕੀਤੀ ਗਈ, ਪਰ ਜਦੋਂ ਲੋਕਾਂ ਨੂੰ ਇਸ ਵੀਡੀਓ ਦੀ ਸਚਾਈ ਪਤਾ ਲੱਗੀ ਤਾਂ ਇਹ ਵੀਡੀਓ ਵਾਇਰਲ ਕਰਨ ਵਾਲੀ ਧਿਰ ਆਪਣੇ ਆਪ ਲੋਕਾਂ ਸਾਹਮਣੇ ਆ ਗਈ ਤੇ ਉਸਦੀ ਭਰੋਸੇਯੋਗਤਾ ਨੂੰ ਇਕ ਤਰਾਂ ਸੱਟ ਵੱਜੀ। ਅੱਜ ਇਕ ਸਿਆਸੀ ਧਿਰ ਨੇ ਸ਼ੋ੍ਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ ਆਮ ਜਨਤਾ ਵਿਚ ਇਸ ਆਗੂ ਦਾ ਰਾਜਸੀ ਜੀਵਨ ਖਤਮ ਕਰਨ ਲਈ ਇਸ ਨੂੰ ਇਨ੍ਹਾਂ ਪ੍ਰਚਾਰਿਆ ਜਾ ਰਿਹਾ ਹੈ, ਜਿਸ ਨਾਲ ਸਬੰਧਿਤ ਆਗੂ ਦੇ ਸਿਆਸੀ ਜੀਵਨ ਲਈ ਬਹੁਤ ਵੱਡੀ ਸੱਟ ਵੱਜੀ ਹੈ। ਇਹ ਵੀਡੀਓ ਨਗਨ ਹਾਲਤ ਵਿਚ ਹੈ, ਪਰ ਇਹ ਸਾਬਤ ਨਹੀਂ ਹੁੰਦਾ ਕਿ ਇਹ ਆਗੂ ਕਿਸ ਔਰਤ ਨਾਲ ਨਗਨ ਹਾਲਤ ਵਿਚ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਉਸਦੀ ਪਤਨੀ ਵੀ ਹੋਵੇ ਜਾਂ ਫਿਰ ਅੱਜਕੱਲ੍ਹ ਦੀ ਕੰਪਿਊਟਰ ਦੀ ਤਕਨਾਲੋਜੀ ਨਾਲ ਵੀਡੀਓ ਦੀ ਐਡੀਟਿੰਗ ਕਰਕੇ ਫਰਜੀ ਵੀਡੀਓ ਵੀ ਤਿਆਰ ਕੀਤੀ ਹੋ ਸਕਦੀ ਹੈ। ਜੇਕਰ ਅਜਿਹਾ ਹੈ ਤਾਂ ਪੰਜਾਬ ਦੇ ਇਤਿਹਾਸ ਵਿਚ ਵਿਰੋਧੀ ਪਾਰਟੀਆਂ ਦੀ ਇਸਤੋਂ ਘਟੀਆ ਹਰਕਤ ਕੋਈ ਨਹੀਂ ਹੋ ਸਕਦੀ। ਅਜਿਹੀ ਵੀਡੀਓ ਜੋ ਕਿ ਆਮ ਆਦਮੀ ਆਪਣੇ ਪਰਿਵਾਰ ਵਿਚ ਬੈਠ ਕੇ ਦੇਖ ਵੀ ਨਹੀਂ ਸਕਦਾ, ਉਸ ਨੂੰ ਲੋਕਾਂ ਵਿਚ ਸਿਰਫ ਇਸ ਮਕਸਦ ਨਾਲ ਪ੍ਰਚਾਰਿਤ ਕਰਨਾ ਕਿ ਸਬੰਧਿਤ ਆਗੂ ਦੀ ਸਿਆਸੀ ਜਿੰਦਗੀ ਤਬਾਹ ਹੋ ਜਾਵੇ, ਇਹ ਬਿੱਲਕੁੱਲ ਸ਼ੋਭਾ ਨਹੀਂ ਦਿੰਦਾ ਅਤੇ ਅਜਿਹਾ ਵਰਤਾਰਾ ਪੰਜਾਬ ਦੇ ਭਵਿੱਖ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਆਮ ਜਨਤਾ ਨੂੰ ਵੀ ਅਜਿਹੇ ਘਟੀਆ ਅਤੇ ਗਿਰਾਵਟ ਵਾਲੇ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਵੋਟਾਂ ਹਾਸਲ ਕਰਨ ਲਈ ਵਿਰੋਧੀਆਂ ਦੇ ਗਲਤ ਫੈਸਲਿਆਂ ਨੂੰ ਹੀ ਉਜਾਗਰ ਕਰਨ ਨਾ ਕਿ ਕਿਸੇ ਸਿਆਸੀ ਆਗੂ ਦੀ ਨਿੱਜੀ ਜਿੰਦਗੀ ਨੂੰ ਨਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।